ਸਵੈ ਸੁਰੱਖਿਆ ਤੇ ਆਤਮ ਵਿਸ਼ਵਾਸ ਲਈ ਸਰੀਰਕ ਸਿੱਖਿਆ ਅਧਿਆਪਕਾ ਨੂੰ ਜੂਡੋ ਕਰਾਟੇ ਸਿਖਲਾਈ ਦਾ ਦੂਜਾ ਗੇੜ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਵਾਂ ਵਿੱਚ ਸਵੈ ਸੁਰੱਖਿਆ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਜੂਡੋ ਕਰਾਟੇ ਸਿਖਲਾਈ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ। ਡੀਜੀਐਸਈ ਪ੍ਰਸ਼ਾਂਤ ਗੋਇਲ ਦੀ ਅਗਵਾਈ ਹੇਠ 28 ਅਪਰੈਲ ਤੱਕ ਚੱਲਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਸਰੀਰਕ ਸਿੱਖਿਆ ਲੈਕਚਰਾਰਾਂ, ਡੀਪੀਈਜ਼ ਅਤੇ ਪੀਟੀਆਈਜ਼ ਨੂੰ ਸਵੈ-ਸੁਰੱਖਿਆ ਦੇ ਗੁਰ ਅਤੇ ਆਤਮ ਵਿਸ਼ਵਾਸ ਵਧਾਉਣ ਲਈ ਜੂਡੋ ਕਰਾਟੇ ਦੀ ਸਿਖਲਾਈ ਦਿੱਤੀ ਜਾਵੇਗੀ। ਦੂਜੇ ਗੇੜ ਵਿੱਚ ਜ਼ਿਲ੍ਹਾ ਪਟਿਆਲਾ ਦੀਆਂ 69, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ 27 ਅਤੇ ਜ਼ਿਲ੍ਹਾ ਰੂਪਨਗਰ ਦੀਆਂ 15 ਅਧਿਆਪਕਾਵਾਂ ਇਸ ਵਿਸ਼ੇਸ਼ ਕੈਂਪ ਵਿੱਚ ਹਿੱਸਾ ਲੈ ਰਹੀਆਂ ਹਨ।
ਇਸ ਮੌਕੇ ਪਟਿਆਲਾ ਤੋਂ ਪੀਟੀਆਈ ਅਧਿਆਪਕਾ ਮਮਤਾ ਰਾਣੀ ਨੇ ਅੌਰਤਾਂ ਦੀ ਭਲਾਈ ਅਤੇ ਸੁਰੱਖਿਆ ਦਾ ਬੀੜਾ ਚੁੱਕਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਅਧਿਕਾਰੀ ਨੇ ਅਜਿਹੀ ਪਹਿਲਕਦਮੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਆ ਕੇ ਮਹਿਲਾ ਅਧਿਆਪਕਾਵਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਹੁਣ ਉਹ ਆਪਣੇ ਸਕੂਲਾਂ ਵਿੱਚ ਪਹਿਲਾਂ ਨਾਲੋਂ ਵੱਧ ਜੋਸ਼ ਅਤੇ ਤਕਨੀਕ ਨਾਲ ਲੜਕੀਆਂ ਵਿੱਚ ਆਤਮ-ਵਿਸ਼ਵਾਸ ਵਧਾਉਣਗੇ ਅਤੇ ਸਵੇ-ਸੁਰੱਖਿਆ ਦੇ ਜੋ ਗੁਰ ਉਨ੍ਹਾਂ ਨੂੰ ਮਿਲੇ ਹਨ। ਉਹ ਵਧੀਆ ਤੇ ਸੁਰੱਖਿਅਤ ਜੀਵਨ ਲਈ ਸਕੂਲਾਂ ਦੀਆਂ ਬੱਚੀਆਂ ਨਾਲ ਸਾਂਝੇ ਕਰਨਗੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਖਲਾਈ ਵਰਕਸ਼ਾਪ ਦੌਰਾਨ ਮਹਿਲਾ ਅਧਿਆਪਕਾਵਾਂ ਨੂੰ ਸਵੈ-ਸੁਰੱਖਿਆ ਦੇ ਗੁਰ ਅਤੇ ਸਿਹਤਮੰਦ ਜੀਵਨ ਬਾਰੇ ਸਟੇਟ ਰਿਸੋਰਸ ਪਰਸਨਾਂ ਦੁਆਰਾ ਸਿਖਾਇਆ ਜਾ ਰਿਹਾ ਹੈ। ਇਹ ਅਧਿਆਪਕਾਵਾਂ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਮੁੱਢਲੀ ਜਾਣਕਾਰੀ ਦੇਣਗੀਆਂ। ਇਸ ਦੌਰਾਨ ਰਿਸੋਰਸ ਪਰਸਨਾਂ ਵੱਲੋਂ ਅਧਿਆਪਕਾਂ ਨੂੰ ਹਲਕੀ ਕਸਰਤਾਂ, ਕਰਾਟੇ, ਮਾਰਸ਼ਲ-ਆਰਟ, ਸਮਾਜ ਵਿੱਚ ਹੋ ਰਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਣ ਲਈ ਸਵੈ-ਸੁਰੱਖਿਆ ਦੇ ਗੁਰ ਸਿਖਾਏ ਜਾ ਰਹੇ ਹਨ। ਜਿਸ ਦਾ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਵਾਂ ਨੂੰ ਭਵਿੱਖ ਵਿੱਚ ਕਾਫੀ ਲਾਭ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…