Nabaz-e-punjab.com

ਮੋਬਾਈਲ ਕੰਪਨੀ ਦੀਆਂ ਤਾਰਾਂ ਪਾਉਣ ਵੇਲੇ ਸੀਵਰੇਜ ਦੇ ਮੇਨਹੋਲ ’ਚੋਂ ਆਪਣੀ ਕੇਬਲ ਕੱਢੀ

ਮੀਂਹ ਤੋਂ ਬਾਅਦ ਸੀਵਰੇਜ ਦੇ ਪਾਣੀ ਦੀ ਲੀਕੇਜ ਕਾਰਨ ਫੇਜ਼-3ਏ ਵਿੱਚ ਮਕਾਨ ਨੰਬਰ-543 ਦੇ ਸਾਹਮਣੇ ਪਿਆ ਵੱਡਾ ਖੱਡਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਮੁਹਾਲੀ ਵਿੱਚ ਇਕ ਪ੍ਰਾਈਵੇਟ ਮੋਬਾਈਲ ਕੰਪਨੀ ਵੱਲੋਂ ਪਾਈਆਂ ਜਾਣ ਵਾਲੀਆਂ ਜ਼ਮੀਨਦੋਜ਼ ਤਾਰਾਂ ਪਾਉਣ ਵਾਲਿਆਂ ਨੇ ਤਾਰਾਂ ਪਾਉਣ ਵੇਲੇ ਇਹ ਵੀ ਧਿਆਨ ਨਹੀਂ ਦਿੱਤਾ ਕਿ ਜਿਸ ਥਾਂ ਤੇ ਉਹ ਤਾਰਾਂ ਪਾ ਰਹੇ ਹਨ। ਉੱਥੇ ਸੀਵਰਜ ਦਾ ਮੇਨ ਹੋਲ ਹੈ ਅਤੇ ਉਹਨਾਂ ਨੇ ਆਪਣੀ ਕੇਬਲ ਸੀਵਰੇਜ ਦੇ ਮੇਨਹੋਲ ਵਿੱਚੋੱ ਲੰਘਾ ਦਿੱਤਾ। ਹੁਣ ਜਦੋਂ ਬਰਸਾਤਾਂ ਦੌਰਾਨ ਸੀਵਰੇਜ ਲਾਈਨ ਵਿੱਚ ਪਾਣੀ ਵਧਿਆ ਤਾਂ ਪਾਣੀ ਦੀ ਲੀਕੇਜ ਹੋਣ ਕਾਰਨ ਇਸ ਥਾਂ ਤੇ ਇੱਕ ਵੱਡਾ ਖੱਡਾ ਪੈ ਗਿਆ ਜਿਸ ਕਾਰਨ ਇੱਥੇ ਕਿਸੇ ਸਮੇੱ ਵੀ ਹਾਦਸਾ ਹੋਣ ਦਾ ਖਤਰਾ ਬਣ ਗਿਆ ਹੈ।
ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਕ ਪ੍ਰਾਈਵੇਟ ਮੋਬਾਈਲ ਕੰਪਨੀ ਦੀ ਕੇਬਲ ਪਾਉਣ ਵਾਲਿਆਂ ਦੀ ਅਣਗਹਿਲੀ ਕਾਰਨ ਇੱਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਦੇ ਜੇਈ ਅਕਸ਼ੈ ਕੁਮਾਰ ਨੂੰ ਜਦੋਂ ਉਹਨਾਂ ਨੇ ਇਸ ਸਮੱਸਿਆ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਉਹ ਇਹ ਕਹਿੰਦਾ ਰਿਹਾ ਕਿ ਇਸ ਕੰਮ ਵਿੱਚ ਕੰਪਨੀ ਦੀਆਂ ਤਾਰਾ ਪਾਉਣ ਵਾਲਿਆਂ ਦੀ ਕੋਈ ਗਲਤੀ ਨਹੀਂ ਹੈ ਬਲਕਿ ਇੱਥੇ ਜਨ ਸਿਹਤ ਵਿਭਾਗ ਦਾ ਮੇਨਹੋਲ ਲੀਕ ਹੋਣ ਕਾਰਨ ਇਹ ਥਾਂ ਬੈਠੀ ਹੈ। ਉਹਨਾਂ ਕਿਹਾ ਕਿ ਨਿਗਮ ਦੇ ਅਧਿਕਾਰੀ ਆਪਣੀ ਗਲਤੀ ਮੰਨਣ ਦੀ ਥਾਂ ਆਪਣੀ ਸ਼ਿਕਾਇਤ ਲੈ ਕੇ ਆਉਣ ਵਾਲਿਆਂ ਨੂੰ ਗੁੰਮਰਾਹ ਕਰਦੇ ਹਨ ਅਤੇ ਜਦੋਂ ਇਹ ਅਧਿਕਾਰੀ ਨਿਗਮ ਦੇ ਡਿਪਟੀ ਮੇਅਰ ਨੂੰ ਬਹਾਨੇ ਬਣਾ ਸਕਦੇ ਹਨ ਫਿਰ ਆਮ ਆਦਮੀ ਦੀ ਹਾਲਤ ਦਾ ਅੰਦਾਜਾ ਆਸਾਨੀ ਨਾਲ ਲੱਗ ਸਕਦਾ ਹੈ।
ਉਹਨਾਂ ਕਿਹਾ ਕਿ ਇਸ ਥਾਂ ’ਤੇ ਮੋਬਾਈਲ ਕੰਪਨੀ ਵਾਲਿਆਂ ਦੀ ਗਲਤੀ ਨਾਲ ਜਿਹੜਾ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਉਸੇ ਕੰਪਨੀ ਤੋਂ ਕਰਵਾਈ ਜਾਣੀ ਬਣਦੀ ਸੀ ਪਰੰਤੂ ਕਿਉਂਕਿ ਉਕਤ ਜੇਈ ਵੱਲੋਂ ਹੀ ਇਸ ਕੰਪਨੀ ਦੇ ਨੁਮਾਇੰਦਿਆਂ ਦੇ ਕੰਮ ਨੂੰ ਤਸੱਲੀਬਖ਼ਸ਼ ਸਰਟੀਫਿਕੇਟ ਦਿੱਤਾ ਗਿਆ ਸੀ। ਇਸ ਕਰਕੇ ਉਹ ਜਨ ਸਿਹਤ ਵਿਭਾਗ ਦੀ ਗਲਤੀ ਕੱਢਦਾ ਰਿਹਾ ਅਤੇ ਉਸ ਵੱਲੋਂ ਹੁਣੇ ਵੀ ਕੰਮ ਕਰਵਾਉਣ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਜੇਈ ਅਕਸ਼ੈ ਕੁਮਾਰ ਨੇ ਕਿਹਾ ਕਿ ਜਮੀਨ ਦੇ ਹੇਠਾਂ ਤਾਰਾਂ ਪਾਉਣ ਵੇਲੇ ਮੋਬਾਈਲ ਕੰਪਨੀ ਵਾਲਿਆਂ ਨੇ ਆਪਣੀ ਕੇਬਲ ਸੀਵਰੇਜ ਦੇ ਮੇਨ ਹੋਲ ਵਿੱਚੋਂ ਲੰਘਾ ਦਿੱਤੀ ਜਿਸ ਕਾਰਨ ਇਹ ਨੁਕਸਾਨ ਹੋਇਆ ਹੈ ਅਤੇ ਇਸ ਦੀ ਮੁਰੰਮਤ ਉਸੇ ਕੰਪਨੀ ਵੱਲੋਂ ਹੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਨਿਗਮ ਵੱਲੋਂ ਉਕਤ ਕੰਪਨੀ ਨੂੰ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ। ਡਿਪਟੀ ਮੇਅਰ ਵੱਲੋਂ ਲਗਾਏ ਦੋਸ਼ਾਂ ਬਾਰੇ ਉਹਨਾਂ ਕਿਹਾ ਕਿ ਉਹ ਇਸ ਕੰਮ ਨੂੰ ਛੇਤੀ ਠੀਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਜ ਸ਼ਾਮ ਤੱਕ ਇਹ ਖੱਡਾ ਭਰਵਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…