
ਈ-ਪ੍ਰਾਸਪੈਕਟਸ ਰਾਹੀਂ ਪੇਸ਼ ਕੀਤੀ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਵਾਲੀ ਤਸਵੀਰ: ਕ੍ਰਿਸ਼ਨ ਕੁਮਾਰ
ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ ਨੇ ਅਧਿਆਪਕਾਂ ਵੱਲੋਂ ਤਿਆਰ ਕੀਤੇ ਈ-ਪ੍ਰਾਸਪੈਕਟਸ
ਆਧੁਨਿਕ ਸਹੂਲਤਾਂ ਦੀਆਂ ਝਲਕੀਆਂ, ਹੋਣਹਾਰ ਬੱਚਿਆਂ ਦਾ ਵੇਰਵਾ, ਹੋਰ ਲੋੜੀਂਦੀ ਜਾਣਕਾਰੀ ਵਾਲਾ ਦਸਤਾਵੇਜ਼ ਹੈ ਈ-ਪ੍ਰਾਸਪੈਕਟਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਈ-ਪ੍ਰਾਸਪੈਕਟ ਮੁਹਿੰਮ ਸਬੰਧੀ ਸਕੂਲ ਮੁਖੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਕੂਲ ਮੁਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾਉਣ ਲਈ ਈ-ਪ੍ਰਾਸਪੈਕਟਸ ਤਿਆਰ ਕਰ ਰਹੇ ਹਨ। ਜਿੱਥੇ ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਈ-ਪ੍ਰਾਸਪੈਕਸ ਦੀ ਸੁਵਿਧਾ ਮਿਲੇਗੀ, ਉੱਥੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਮਿਆਰੀ ਸਹੂਲਤਾਂ ਅਤੇ ਬੁਨਿਆਦੀ ਢਾਂਚਾਗਤ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰੀ ਐਨਰੋਲਮੈਂਟ ਬੂਸਟਰ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਜਿੱਥੇ ਦਾਖ਼ਲਿਆਂ ਦੀ ਦਰ ਵਧਾਉਣ ਲਈ ਸੋਸ਼ਲ ਮੀਡੀਆ, ਸਮਾਜਿਕ/ਜਨਤਕ ਥਾਵਾਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਸਕੂਲ ਮੁਖੀਆਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਦਰਸਾਉਂਦੇ ਈ-ਪ੍ਰਾਸਪੈਕਟਸ ਵੀ ਜਾਰੀ ਕੀਤੇ ਜਾ ਰਹੇ ਹਨ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਈ-ਪ੍ਰਾਸਪੈਕਟਸ ਦੇ ਮੁੱਖ ਪੰਨੇ ਨੂੰ ਸਕੂਲ ਮੁਖੀ ਸਕੂਲਾਂ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ, ਰੰਗਦਾਰ ਇਮਾਰਤਾਂ, ਬੱਚਿਆਂ ਦੀਆਂ ਕਿਰਿਆਵਾਂ ਅਤੇ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮੁਹਿੰਮਾਂ ਦੇ ਪੋਸਟਰ ਨਾਲ ਸਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਨੇਹਿਆਂ ਨਾਲ ਭਰਪੂਰ ਇਹ ਈ-ਪ੍ਰਾਸਪੈਕਸ ਵਿੱਚ ਸਮਾਰਟ ਕਲਾਸਰੂਮਜ਼ ਅੰਦਰ ਸੁਸੱਜਿਤ ਆਧੁਨਿਕ ਸੁਵਿਧਾਵਾਂ ਅਤੇ ਉਨ੍ਹਾਂ ਨਾਲ ਕਿਰਿਆਵਾਂ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸਮਾਰਟ ਕਲਾਸਰੂਮਜ਼, ਲਾਇਬ੍ਰੇਰੀਆਂ, ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ, ਮਿਊਜ਼ਿਕ ਪ੍ਰਯੋਗਸ਼ਾਲਾਵਾਂ, ਬਾਹਰ ਦੀ ਲੈਂਡਸਕੇਪਿੰਗ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ ਪਾਰਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਜਾਂ ਚਮਕਦੇ ਸਿਤਾਰਿਆਂ ਦੇ ਕਾਲਮ ਹੇਠ ਵੀ ਈ-ਪ੍ਰਾਸਪੈਕਟਸ ਵਿੱਚ ਬੱਚਿਆਂ ਨੂੰ ਬਣਦਾ ਮਾਣ ਦਿੱਤਾ ਜਾ ਰਿਹਾ ਹੈ।
ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਸਮਾਰਟ ਸਕੂਲ ਉਦਘਾਟਨ, ਸਮਾਰਟ ਫੋਨ ਵੰਡ ਸਮਾਗਮ, ਵਿੱਦਿਅਕ ਮੁਕਾਬਲਿਆਂ ਦੇ ਆਯੋਜਨ, ਸਕੂਲਾਂ ਵਿੱਚ ਕਰੋਨਾ ਦੌਰਾਨ ਕਰਵਾਈਆਂ ਗਈਆਂ ਆਨਲਾਈਨ ਕਿਰਿਆਵਾਂ, ਕਿਤਾਬਾਂ ਦੇ ਘਰ-ਘਰ ਜਾ ਕੇ ਵੰਡਣ ਦੀਆਂ ਤਸਵੀਰਾਂ ਨੂੰ ਵੀ ਸਕੂਲ ਮੁਖੀ ਪ੍ਰਮੁੱਖਤਾ ਨਾਲ ਈ-ਪ੍ਰਾਸਪੈਕਟਸ ਦੀ ਸ਼ਾਨ ਬਣਾ ਰਹੇ ਹਨ। ਸਕੂਲਾਂ ਦੀਆਂ ਬਾਹਰੀ ਕੰਧਾਂ ’ਤੇ ਕੀਤੀਆਂ ਗਈ ਸ਼ਾਨਦਾਰ ਅਤੇ ਆਕਰਸ਼ਕ ਪੇਂਟਿੰਗਾਂ, ਸੁਨੇਹਿਆਂ, ਸਕੂਲ ਦੀ ਇਮਾਰਤ ’ਤੇ ਕੀਤੇ ਗਏ ਬਾਲਾ ਵਰਕ ਦੀਆਂ ਤਸਵੀਰਾਂ ਨੂੰ ਵੀ ਈ-ਪ੍ਰਾਸਪੈਕਟਸ ਵਿੱਚ ਅਲੱਗ ਪੰਨੇ ਤੇ ਜਗ੍ਹਾ ਦੇ ਕੇ ਸਕੂਲੀ ਸੁੰਦਰਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਈ-ਪ੍ਰਾਸਪੈਕਟਸ ਵਿੱਚ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਛਪਦੀਆਂ ਨੈਸ਼ਨਲ ਅਤੇ ਸਥਾਨਕ ਪ੍ਰਿੰਟ/ਵੈੱਬ ਮੀਡੀਆ ਦੀਆਂ ਕਲੀਪਿੰਗ ਨੂੰ ਵੀ ਕਲਾਜ ਬਣਾ ਕੇ ਸਥਾਨ ਦਿੱਤਾ ਜਾ ਰਿਹਾ ਹੈ। ਸਕੂਲ ਦੇ ਮਿਹਨਤੀ ਸਟਾਫ਼ ਦੀ ਸਾਂਝੀ ਤਸਵੀਰ ਅਤੇ ਉਨ੍ਹਾਂ ਦੇ ਨਾਵਾਂ ਦੇ ਨਾਲ ਉਨ੍ਹਾਂ ਦੀਆਂ ਉੱਚ ਵਿੱਦਿਅਕ ਯੋਗਤਾਵਾਂ ਨਾਲ ਮਾਪਿਆਂ ਅਤੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਮਿਹਨਤੀ, ਉੱਚ ਯੋਗਤਾ ਅਤੇ ਤਜਰਬੇ ਵਾਲਾ ਅਧਿਆਪਕ ਵਰਗ ਕੰਮ ਕਰ ਰਿਹਾ ਹੈ। ਸਕੂਲਾਂ ਵਿੱਚ ਚਲ ਰਹੇ ਨੈਤਿਕ ਸਿੱਖਿਆ ਸਬੰਧੀ ਪ੍ਰੋਗਰਾਮਾਂ, ਅੰਗਰੇਜ਼ੀ ਬੂਸ਼ਟਰ ਕਲੱਬ, ਬਡੀ ਗਰੁੱਪ, ਈਕੋ ਕਲੱਬ, ਐਨਸੀਸੀ, ਐਨਐਸਐਸ, ਸਕਾਊਟ ਐਂਡ ਗਾਈਡ, ਸ਼ਾਨਦਾਰ ਨਤੀਜਿਆਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਦਾ ਜ਼ਿਕਰ ਵੀ ਈ-ਪ੍ਰਾਸਪੈਕਟਸ ਵਿੱਚ ਕੀਤਾ ਜਾ ਰਿਹਾ ਹੈ।