
ਸ੍ਰੀ ਹਜ਼ੂਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਨਾ ਕਰੇ ਸਰਕਾਰ: ਬੀਰਦਵਿੰਦਰ ਸਿੰਘ
ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਸ਼ਰਧਾਲੂਆਂ ਨੂੰ ਬੁਨਿਆਦੀ ਸਹੂਲਤਾਂ ਨਾ ਦੇਣ ਦਾ ਦੋਸ਼
ਇਕਾਂਤਵਾਸ ਕੇਂਦਰ ਦੇ ਸ਼ਰਧਾਲੂਆਂ ਨੂੰ ਚਾਹ ਅਤੇ ਖਾਣਾ ਠੰਢਾ ਪਰੋਸਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ 45 ਦਿਨਾਂ ਦੇ ਲੰਮੇ ਲਮਕਾਅ ਅਤੇ ਸਖ਼ਤ ਅਜ਼ਮਾਇਸ਼ ਤੋਂ ਬਾਅਦ ਵਾਪਸ ਪਰਤੇ ਰਹੇ ਸਿੱਖ ਸ਼ਰਧਾਲੂਆਂ ਨੂੰ ਮੁਹਾਲੀ ਸਮੇਤ ਸੂਬੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿੱਚ ਰੱਖਿਆ ਜਾ ਰਿਹਾ ਹੈ। ਜਿੱਥੇ ਅਧਿਕਾਰੀ ਅਤੇ ਸਟਾਫ਼ ਉਨ੍ਹਾਂ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸਿੱਖ ਸ਼ਰਧਾਲੂਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਨਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਠਹਿਰਾਏ ਸਿੱਖ ਸ਼ਰਧਾਲੂਆਂ ਨੂੰ ਇਸਨਾਨ ਕਰਨ ਲਈ ਨਾ ਬਾਲਟੀ ਤੇ ਕੱਪ ਅਤੇ ਨਾ ਹੀ ਸਾਬਣ ਦਿੱਤਾ ਜਾ ਰਿਹਾ ਹੈ ਜਦੋਂਕਿ ਇਹ ਵਿਅਕਤੀ ਲੰਮੇ ਸਫ਼ਰ ਤੋਂ ਬਾਅਦ ਇੱਥੇ ਪਰਤੇ ਹਨ। ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਪੀੜਤ ਵਿਅਕਤੀਆਂ ਨੇ ਉਨ੍ਹਾਂ ਨਾਲ ਤਾਲਮੇਲ ਕਰਕੇ ਦੱਸਿਆ ਕਿ ਇਕਾਂਤਵਾਸ ਕੇਂਦਰ ਵਿੱਚ ਉਨ੍ਹਾਂ ਨੂੰ ਚਾਹ ਅਤੇ ਖਾਣਾ ਠੰਢਾ ਪਰੋਸਿਆ ਜਾ ਰਿਹਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਨੇ ਤੁਰੰਤ ਇਕਾਂਤਵਾਸ ਕੈਂਪ ਦੇ ਨੋਡਲ ਅਫ਼ਸਰ ਪਰਮਜੀਤ ਸਿੰਘ ਨਾਲ ਟੈਲੀਫੋਨ ’ਤੇ ਰਾਬਤਾ ਕਾਇਮ ਕੀਤਾ। ਉਨ੍ਹਾਂ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਧਿਕਾਰੀ ਨੇ ਮੰਨਿਆ ਕਿ ਵੇਲੇ ਸਿਰ ਇਨ੍ਹਾਂ ਸ਼ਰਧਾਲੂਆਂ ਨੂੰ ਇਸ਼ਨਾਨ ਕਰਨ ਅਤੇ ਕੱਪੜੇ ਧੋਣ ਲਈ ਕੱਪ-ਬਾਲਟੀਆਂ ਨਹੀ ਦਿੱਤੇ ਜਾ ਸਕੇ ਹਨ। ਕਿਉਂਕਿ ਉਹ ਕੱਪ-ਬਾਲਟੀਆਂ ਪਹਿਲਾਂ ਕੁਆਰੰਟੀਨ ਕੀਤੇ ਸ਼ਰਧਾਲੂਆਂ ਦੇ ਵਰਤੇ ਹੋਏ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਰ ਹੁਣ ਇਨ੍ਹਾਂ ਸਾਰਿਆਂ ਨੂੰ ਸਾਰਾ ਕੁਝ ਮੁਹੱਈਆ ਕਰਵਾ ਦਿੱਤਾ ਹੈ। ਇਕਾਂਤਵਾਸ ਵਿੱਚ ਇਸ਼ਨਾਨ ਘਰਾਂ ਅਤੇ ਪਖਾਨਿਆਂ ਦੀ ਸਫ਼ਾਈ ਵਿਵਸਥਾ ਵੀ ਚੰਗੀ ਨਹੀਂ ਹੈ।
(ਬਾਕਸ ਆਈਟਮ)
ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਮੁਹਾਲੀ ਨਾਲ ਲਗਦੇ ਆਲੀਸ਼ਾਨ ਮੈਰਿਜ ਪੈਲੇਸਾਂ ਨੂੰ ਕਾਨੂੰਨ ਅਨੁਸਾਰ ਆਪਣੇ ਕਬਜ਼ੇ ਵਿੱਚ ਉੱਥੇ ਇਕਾਂਤਵਾਸ ਕੇਂਦਰ ਬਣਾਏ ਜਾਣ ਕਿਉਂਕਿ ਮੌਜੂਦਾ ਸਮੇਂ ਵਿੱਚ ਵਿਆਹ ਅਤੇ ਹੋਰ ਪ੍ਰੋਗਰਾਮ ਬੰਦ ਹਨ ਅਤੇ ਸਾਰੇ ਪੈਲੇਸ ਖਾਲੀ ਪਏ ਹਨ। ਜਿਨ੍ਹਾਂ ਵਿੱਚ ਇਕ ਪੈਲੇਸ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਰੋਇਲ ਮੈਰਿਜ ਪੈਲੇਸ ਲਾਂਡਰਾਂ-ਸਰਹਿੰਦ ਸੜਕ ’ਤੇ ਸਥਿਤ ਹੈ। ਅਜਿਹਾ ਹੀ ਇਕ ਮਹਿਲ ਨੁਮਾ ਆਲੀਸ਼ਾਨ ਮੈਰਿਜ ਪੈਲੇਸ ‘ਅਲਕਾਜ਼ਾਰ’ ਸਰਹਿੰਦ-ਪਟਿਆਲਾ ਰੋਡ ’ਤੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦਾ ਹੈ। ਮੁੱਖ ਮੰਤਰੀ ਨੂੰ ਪਹਿਲਕਦਮੀ ਕਰਕੇ ਆਪਣਾ ਆਲੀਸ਼ਾਨ ‘ਸਾਰਾਗੜ੍ਹੀ ਫਾਰਮ’ ਅਤੇ ਸੁਖਬੀਰ ਸਿੰਘ ਬਾਦਲ ਦਾ ਆਲੀਸ਼ਾਨ ‘ਸੁੱਖਵਿਲਾਸ’ ਇਕਾਂਤਵਾਸ ਕੇਂਦਰ ਬਣਾਉਣ ਲਈ ਪੀਜੀਆਈ ਅਤੇ ਸਿਹਤ ਵਿਭਾਗ ਨੂੰ ਲੋਕਹਿੱਤ ਵਿੱਚ ਪੇਸ਼ ਕਰਨੇ ਚਾਹੀਦੇ ਹਨ।
(ਬਾਕਸ ਆਈਟਮ)
ਉਧਰ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਦਰਅਸਲ ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਹ ਹੁਣ ਆਪਣੇ ਘਰ ਜਾਣ ਦੀ ਜ਼ਿੱਦ ਕਰ ਰਹੇ ਹਨ। ਜਿਸ ਕਾਰਨ ਜਾਣਬੁੱਝ ਕੇ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਨੇ ਅੱਜ ਖ਼ੁਦ ਨਿੱਜੀ ਤੌਰ ’ਤੇ ਇਕਾਂਤਵਾਸ ਕੇਂਦਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ, ਸਾਰਾ ਕੁੱਝ ਠੀਕ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਇਸ਼ਨਾਨ ਕਰਨ ਲਈ ਬਾਲਟੀ-ਮੱਘ ਅਤੇ ਸਾਬਣ ਦਿੱਤਾ ਜਾ ਰਿਹਾ ਹੈ ਅਤੇ ਸੋਲਰ ਗੀਜ਼ਰ ਦੀ ਵਿਵਸਥਾ ਕੀਤੀ ਗਈ ਹੈ।
ਐਸਡੀਐਮ ਨੇ ਦੱਸਿਆ ਕਿ ਖਾਣੇ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਇਕਾਂਤਵਾਸ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਗਰਮ ਚਾਹ, ਗਰਮ ਖਾਣਾ ਪਰੋਸਿਆ ਜਾਂਦਾ ਹੈ। ਸਵੇਰੇ ਪਰੌਂਠੇ ਅਤੇ ਦੁਪਹਿਰ ਅਤੇ ਰਾਤ ਨੂੰ ਦਾਲ-ਸਬਜ਼ੀ ਅਤੇ ਰੋਟੀ ਦਿੱਤੀ ਜਾਂਦੀ ਹੈ। 24 ਘੰਟੇ ਨਜ਼ਰਸਾਨੀ ਲਈ ਤਿੰਨ ਐਸਡੀਓਜ਼ ਤਾਇਨਾਤ ਕੀਤੇ ਗਏ ਹਨ। ਜੇਕਰ ਕਿਸੇ ਵਿਅਕਤੀ ਕੋਈ ਦਿੱਕਤ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਜਵਾਨ ਅਤੇ ਪ੍ਰਾਈਵੇਟ ਸਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ।