ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਗੁਰੂ ਕ੍ਰਿਪਾ ਨਾਲ ਮਨਾਵੇਗੀ ਸਥਾਪਨਾ ਦਿਵਸ

ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ 25 ਨਵੰਬਰ ਨੂੰ, ਗੁਰਮਤਿ ਸਮਾਗਮ 26 ਨਵੰਬਰ ਨੂੰ

ਚੰਡੀਗੜ੍ਹ, 5 ਨਵੰਬਰ, 2023:
ਪਿਛਲੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਪਿੰਡ ਪਲਸੌਰਾ, ਚੰਡੀਗੜ੍ਹ ਸਥਿਤ ਆਪਣੀ ਸ਼ਾਖਾ ਦਾ ਸਥਾਪਨਾ ਦਿਵਸ 25 ਅਤੇ 26 ਨਵੰਬਰ ਨੂੰ ਵਿਖੇ ਮਨਾਇਆ ਜਾਵੇਗਾ, ਜਿੱਥੇ ਮੁਫ਼ਤ ਮੈਡੀਕਲ ਕੈਂਪ ਤੇ ਗਿਆਨ ਭਰਪੂਰ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਪਨਾ 1947 ਵਿਚ ਭਗਤ ਪੂਰਨ ਸਿੰਘ ਜੀ ਵੱਲੋਂ ਕੀਤੀ ਗਈ ਸੀ ਜੋ ਦੁਨੀਆ ਵਿਚ ਨਿਰਸਵਾਰਥ ਲੋਕ ਸੇਵਾਵਾਂ ਲਈ ਇੱਕ ਉਮੀਦ ਅਤੇ ਹਮਦਰਦੀ ਦਾ ਚਾਨਣ ਮੁਨਾਰਾ ਬਣਕੇ ਮਨੁੱਖਤਾ ਲਈ ਪਿਆਰ, ਦੇਖਭਾਲ ਅਤੇ ਸੇਵਾ ਦੇ ਮੁੱਖ ਸਿਧਾਂਤਾਂ ‘ਤੇ ਅਧਾਰਤ ਹੈ।

ਪਿੰਗਲਵਾੜਾ ਸੁਸਾਇਟੀ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਐਤਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 25 ਨਵੰਬਰ ਨੂੰ ਮਰੀਜ਼ਾਂ ਲਈ ਖੁੱਲ੍ਹਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਉੱਘੇ ਮੈਡੀਕਲ ਪ੍ਰੈਕਟੀਸ਼ਨਰ, ਅੱਖਾਂ ਦੇ ਮਾਹਿਰ, ਹਮਦਰਦ ਮਨੋਵਿਗਿਆਨੀ, ਕੁਸ਼ਲ ਸਰਜਨ ਤੇ ਆਰਥੋਪੀਡਿਕ ਮਾਹਰ ਮਰੀਜ਼ਾਂ ਦੀ ਜਾਂਚ ਕਰਨਗੇ। ਇਸੇ ਦਿਨ ਸਵੇਰੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਦੂਜੇ ਦਿਨ 26 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਲਈ ‘ਗੁਰਮਤਿ ਸਮਾਗਮ’ ਕਰਵਾਇਆ ਜਾਵੇਗਾ। ਸ਼ੁਰੂਆਤ ਸਵੇਰੇ 9 ਵਜੇ ‘ਸ੍ਰੀ ਸਹਿਜ ਪਾਠ ਦੇ ਭੋਗ’ ਨਾਲ ਹੋਵੇਗੀ, ਜਿਸ ਤੋਂ ਬਾਅਦ ਪਿੰਗਲਵਾੜਾ ਸੁਸਾਇਟੀ ਦੇ ਹੋਣਹਾਰ ਬੱਚਿਆਂ ਦੁਆਰਾ ਮਨੋਹਰ ‘ਗੁਰਬਾਣੀ ਕੀਰਤਨ’ ਗਾਇਨ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਵੇਰੇ 11 ਵਜੇ ਰੂਹਾਨੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, ਜਦਕਿ ਇਸਤਰੀ ਸਤਿਸੰਗ ਸਭਾ ਪਲਸੌਰਾ ਵੱਲੋਂ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਧਾਰਤ ਪਵਿੱਤਰ ‘ਸ਼ਬਦ ਗਿਆਨ’ ਦਾ ਪ੍ਰਵਾਹ ਚੱਲੇਗਾ। ਡਾ: ਇੰਦਰਜੀਤ ਕੌਰ ਨੇ ਆਮ ਲੋਕਾਂ ਨੂੰ ਇਸ ਮੈਡੀਕਲ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋ ਕੇ ਰੂਹਾਨੀ ਸਾਂਝ ਦਾ ਅਨੁਭਵ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਆਪਣੇ ਯਤਨਾਂ ਰਾਹੀਂ ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਆਸਰਾ ਦੇਣ, ਗਰੀਬਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਪਾਹਜਾਂ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਦੇ ਪਰਉਪਕਾਰੀ ਯਤਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਉਮੀਦ ਤੇ ਮਾਨਵਤਾ ਦੇ ਪ੍ਰਤੀਕ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਔਲਖ ਏ.ਡੀ.ਜੀ.ਪੀ.(ਸੇਵਾਮੁਕਤ), ਹਰਪਾਲ ਸਿੰਘ ਮੈਡੀਕਲ ਸੋਸ਼ਲ ਵਰਕਰ, ਹਰੀਸ਼ ਚੰਦਰ ਗੁਲਾਟੀ, ਰਵਿੰਦਰ ਕੌਰ, ਨਿਰਮਲ ਸਿੰਘ ਅਤੇ ਪ੍ਰਕਾਸ਼ ਚੰਦ ਜੈਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…