ਨਿਊ ਚੰਡੀਗੜ੍ਹ ਵਿੱਚ ਘਰ ਬਣਾਉਣ ਦੀ ਯੋਜਨਾ ਨੂੰ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ

ਗਮਾਡਾ ਨੇ ਈਕੋ ਸਿਟੀ-2 ਸਕੀਮ ਲਈ ਲੋਕਾਂ ਤੋਂ ਅਰਜ਼ੀਆਂ ਮੰਗੀਆਂ, 14 ਜਨਵਰੀ ਤੱਕ ਕੀਤਾ ਜਾ ਸਕਦੈ ਅਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਪੰਜਾਬ ਵਾਸੀਆਂ ਦਾ ਸ਼ਿਵਾਲਿਕ ਦੀਆਂ ਪਹਾੜੀਆਂ ਨੇੜਲੇ ਇਲਾਕੇ ਵਿੱਚ ਆਪਣੇ ਸੁਪਨਿਆਂ ਦਾ ਘਰ ਬਣਾਉਣ ਦਾ ਸੁਪਨਾ ਜਲਦੀ ਪੂਰਾ ਹੋਣ ਜਾ ਰਿਹਾ ਹੈ। ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਈਕੋ ਸਿਟੀ-2 (ਨਿਊ ਚੰਡੀਗੜ੍ਹ) ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੇਣ ਦੀ ਮੰਗ ਕੀਤੀ ਹੈ। ਚਾਹਵਾਨ ਵਿਅਕਤੀ 14 ਜਨਵਰੀ 2021 ਤੱਕ ਅਰਜ਼ੀਆਂ ਦੇ ਸਕਦੇ ਹਨ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈ। ਇਸ ਸਕੀਮ ਵਿੱਚ 200 ਗਜ, 300 ਗਜ, 400 ਗਜ, 450 ਗਜ, 500 ਗਜ, 1000 ਗਜ ਅਤੇ 2000 ਗਜ ਆਕਾਰ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਬੀਤੀ 7 ਦਸੰਬਰ ਨੂੰ ਸ਼ੁਰੂ ਹੋਈ ਇਸ ਸਕੀਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਅਰਜ਼ੀ ਦੇਣ ਵਿੱਚ ਦਿਲਚਸਪੀ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਗਮਾਡਾ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਗਮਾਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਦੇਸ਼ ਦੇ ਸਾਰੇ ਆਮ ਸ਼੍ਰੇਣੀ ਦੇ ਨਾਗਰਿਕਾਂ (ਵਿਦੇਸ਼ਾਂ ਵਿੱਚ ਵਸੇ ਵਿਅਕਤੀਆਂ ਨੂੰ ਛੱਡ ਕੇ) ਲਈ ਖੁੱਲ੍ਹੀ ਹੈ, ਜਿਨ੍ਹਾਂ ਦੀ ਉਮਰ ਸਕੀਮ ਵਿੱਚ ਬਿਨੈ ਕਰਨ ਦੀ ਆਖ਼ਰੀ ਤਰੀਕ ਤੱਕ 18 ਸਾਲ ਹੋਵੇ। ਇਸ ਸਕੀਮ ਵਿਚ ਬਜ਼ੁਰਗ ਨਾਗਰਿਕਾਂ ਨੂੰ ਅਲਾਟਮੈਂਟ ਵਿੱਚ ਤਰਜ਼ੀਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਲਈ ਮਹਿਲਾ ਬਿਨੈਕਾਰਾਂ ਨੂੰ ਵਿਚਾਰਿਆ ਜਾਵੇਗਾ। ਇਨ੍ਹਾਂ ਬਿਨੈਕਾਰਾਂ ਦੀ ਸੂਚੀ ਖ਼ਤਮ ਹੋ ਜਾਣ ਤੋਂ ਬਾਅਦ ਹੋਰਨਾਂ ਬਿਨੈਕਾਰਾਂ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਇਸ ਸਕੀਮ ਵਿਚ ਵੱਖ-ਵੱਖ ਰਾਖਵੀਂਆਂ ਅਤੇ ਤਰਜੀਹੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਲਾਭ, ਸੂਬੇ ਦੇ ਉਨ੍ਹਾਂ ਵਸਨੀਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਦੇਸ਼ ਵਿੱਚ ਆਪਣਾ ਜਾਂ ਉਨ੍ਹਾਂ ਦੇ ਜੀਵਨ ਸਾਥੀ ਦਾ ਕੋਈ ਪਲਾਟ/ਮਕਾਨ ਨਹੀਂ ਹੈ।
ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਲਈ ਭੁਗਤਾਨ ਨੂੰ ਬਹੁਤ ਸੁਵਿਧਾਜਨਕ ਬਣਾਇਆ ਗਿਆ ਹੈ। ਪਲਾਟ ਦੀ ਕੁੱਲ ਕੀਮਤ ਦੀ 10 ਫੀਸਦੀ ਰਕਮ ਬਿਨੈ-ਪੱਤਰ ਦੇਣ ਵੇਲੇ ਪੇਸ਼ਗੀ ਵਜੋਂ ਜਮ੍ਹਾ ਕੀਤੀ ਜਾਣੀ ਹੈ ਜਦਕਿ ਲੈਟਰ ਆਫ਼ ਇੰਟੈਂਟ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ 15 ਫੀਸਦੀ ਭੁਗਤਾਨ ਕੀਤਾ ਜਾਣਾ ਹੈ। ਬਕਾਇਆ 75 ਫੀਸਦੀ ਰਕਮ ਲੈਟਰ ਆਫ਼ ਇੰਟੈਂਟ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਯਕਮੁਸ਼ਤ ਜਾਂ ਸਾਲਾਨਾ 9 ਫੀਸਦੀ ਵਿਆਜ ਦੇ ਨਾਲ ਛੇ ਛਮਾਹੀ ਕਿਸ਼ਤਾਂ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯਕਮੁਸ਼ਤ ਅਦਾਇਗੀ ਕਰਨ ਵਾਲੇ ਅਲਾਟੀਆਂ ਨੂੰ ਬਕਾਇਆ ਰਕਮ ‘ਤੇ 5 ਫੀਸਦੀ ਛੋਟ ਦਿੱਤੀ ਜਾਵੇਗੀ।
ਇਸ ਸਕੀਮ ਦਾ ਬਰੋਸ਼ਰ ਇੱਥੋਂ ਦੇ ਸੈਕਟਰ-62 ਸਥਿਤ ਪੁੱਡਾ ਭਵਨ (ਨੇੜੇ ਸਿੱਖਿਆ ਬੋਰਡ\ਫੋਰਟਿਸ ਹਸਪਤਾਲ) ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਜਾਂ ਇਸ ਸਕੀਮ ਨਾਲ ਜੁੜੇ ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ (ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਏਯੂ ਸਮਾਲ ਫਾਇਨਾਂਸ ਬੈਂਕ, ਬੈਂਕ ਆਫ ਬੜੌਦਾ, ਯੈਸ ਬੈਂਕ ਅਤੇ ਐਚਡੀਐਫਸੀ ਬੈਂਕ) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸਦੀ ਕੀਮਤ 100 ਰੁਪਏ ਹੈ। ਹਰ ਪ੍ਰਕਾਰ ਤੋਂ ਮੁਕੰਮਲ ਅਰਜ਼ੀਆਂ ਆਖ਼ਰੀ ਮਿਤੀ ਜਾਂ ਇਸ ਤੋਂ ਪਹਿਲਾਂ ਬੈਂਕਾਂ ਵਿੱਚ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ। ਬਿਨੈਕਾਰ gmada.gov.in ਵੈਬਸਾਈਟ ’ਤੇ ਵੀ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …