ਸ਼ਹਿਰ ਵਿੱਚ ਪੜਾਅਵਾਰ ਜਾਗਰੂਕਤਾ ਲਈ ਅੰਬੈਸਡਰ ਨਾਮਜ਼ਦ ਕਰਨ ਦੀ ਯੋਜਨਾ ਉਲੀਕੀ: ਮੇਅਰ

ਮੁਹਾਲੀ ਨਗਰ ਨਿਗਮ ਮੱਛਰ-ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰ

ਪਿਛਲੇ ਸਾਲ ਦੇ ਮੁਕਾਬਲੇ ਡੇਂਗੂ, ਮਲੇਰੀਆ ਕੇਸਾਂ ’ਚ 80 ਫੀਸਦੀ ਕਮੀ ਲਿਆਉਣ ਲਈ ਕੋਈ ਕਸਰ ਨਹੀਂ ਛੱਡਾਂਗੇ

ਮੁਹਾਲੀ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੱਲਿਓਂ ਖ਼ਰਚ ਕਰਾਂਗਾ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ:
ਮੁਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ, ਮਲੇਰੀਆ ਦੇ ਕੇਸਾਂ ਵਿੱਚ 80 ਫੀਸਦੀ ਕਮੀ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪਿਛਲੇ ਸਾਲ ਡੇਂਗੂ ਦੇ 600 ਤੋਂ ਵੱਧ ਕੇਸ ਸਾਹਮਣੇ ਆਏ ਸਨ ਜਦੋਂਕਿ 2021 ਵਿੱਚ ਇਹ ਅੰਕੜਾ 2500 ਨੂੰ ਪਾਰ ਕਰ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਨਗਰ ਨਿਗਮ ਮੱਛਰ-ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਖਾਸ ਕਰਕੇ ਡੇਂਗੂ ਅਤੇ ਡਾਇਰੀਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੇਗੀ ਅਤੇ ਉਹ ਖ਼ੁਦ ਵੱਡੇ ਪੱਧਰ ’ਤੇ ਜਾਗਰੂਕਤਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਫੰਡਾਂ ’ਚੋਂ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਡਾਇਰੀਆ ਦਾ ਡਰ ਵਧ ਗਿਆ ਹੈ।
ਜੀਤੀ ਸਿੱਧੂ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲੀ ਪਲਾਟਾਂ ਵਿੱਚ ਸਫ਼ਾਈ ਨਾ ਰੱਖਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਪਰੇਅ ਅਤੇ ਮੱਛਰ ਮਾਰਨ ਵਾਲੀ ਫੌਗਿੰਗ ਮਸ਼ੀਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਸ ਸਾਲ ਸ਼ਹਿਰ ਦੇ ਸਾਰੇ ਸੈਕਟਰਾਂ ਵਿੱਚ ਪੜਾਅਵਾਰ ਜਾਗਰੂਕਤਾ ਲਈ ਅੰਬੈਸਡਰ ਨਾਮਜ਼ਦ ਕਰਨ ਦੀ ਯੋਜਨਾ ਬਣਾਈ ਹੈ।
ਇਹ ਰਾਜਦੂਤ ਮੋਹਤਬਰ ਨਾਗਰਿਕ, ਪ੍ਰਸਿੱਧ ਵਿਅਕਤੀ, ਸੇਵਾਮੁਕਤ ਆਈਏਐਸ/ਪੀਸੀਐਸ/ਆਈਪੀਐਸ/ਆਰਮੀ ਅਧਿਕਾਰੀ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹੋਣਗੇ। ਇਸ ਮੁਹਿੰਮ ਵਿੱਚ ਵਲੰਟੀਅਰ ਵਜੋਂ ਸ਼ਾਮਲ ਹੋਣ ਦੇ ਚਾਹਵਾਨ ਵਿਅਕਤੀ amarjitsidhu3380gmail.com ’ਤੇ ਆਪਣੇ ਵੇਰਵੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰੀ ਖੇਤਰ ਤੋਂ ਵੱਧ ਪੇਂਡੂ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇੱਕ ਟੋਲ-ਫਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ। ਜਿੱਥੇ ਲੋਕ ਡੇਂਗੂ ਲਾਰਵੇ ਬਾਰੇ ਜਾਣਕਾਰੀ ਦੇ ਸਕਣਗੇ।
ਮੇਅਰ ਨੇ ਕਿਹਾ ਕਿ ਇਹ ਮੁਹਿੰਮ ‘ਡੇਂਗੂ-ਡਾਇਰੀਆ ਨੂੰ ਹਰਾਓ’ ਨਾਮ ਹੇਠ ਚਲਾਈ ਜਾਵੇਗੀ, ਜਿਸ ਦਾ ਸੋਸ਼ਲ ਮੀਡੀਆ ’ਤੇ ਵੀ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੋਂ ਡੇਂਗੂ ਕਾਰਨ ਉਨ੍ਹਾਂ ਨੇ ਇੱਕ ਬਹੁਤ ਕਰੀਬੀ ਦੋਸਤ ਨੂੰ ਹਮੇਸ਼ਾ ਲਈ ਗੁਆ ਲਿਆ ਸੀ, ਉਦੋਂ ਤੋਂ ਉਹ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਇਨ੍ਹਾਂ ਘਾਤਕ ਬਿਮਾਰੀਆਂ ਨਾਲ ਨਜਿੱਠਣ ਲਈ ਯੋਗ ਇਲਾਜ ਅਤੇ ਜਾਗਰੂਕਤਾ ਯਕੀਨੀ ਬਣਾਉਣ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁਹਾਲੀ ਨੂੰ ਡੇਂਗੂ ਅਤੇ ਡਾਇਰੀਆ ਮੁਕਤ ਬਣਾਉਣ ਲਈ ਨਗਰ ਨਿਗਮ ਨੂੰ ਸਹਿਯੋਗ ਦੇਣ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…