Nabaz-e-punjab.com

ਮੁਹਾਲੀ ਵਿੱਚ ਫੁੱਟਪਾਥਾਂ ਤੇ ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਪੇਵਰ ਬਲਾਕ ਲਗਾਉਣ ਨਾਲ ਰੁੱਖਾਂ ਦੀ ਹੋਂਦ ਨੂੰ ਖ਼ਤਰਾ

ਵਾਤਾਵਰਨ ਪ੍ਰੇਮੀ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਕੇਸ ਦਾਇਰ, ਅਗਲੀ ਸੁਣਵਾਈ 7 ਜੁਲਾਈ ਨੂੰ

ਜੰਗਲਾਤ ਵਿਭਾਗ ਦੇ ਚੀਫ਼ ਕੰਜਰਵੇਟਰ ਤੋਂ ਰਿਪੋਰਟ ਤਲਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵੱਖ-ਵੱਖ ਵਿਕਾਸ ਏਜੰਸੀਆਂ ਵੱਲੋਂ ਸ਼ਹਿਰ ਦੀ ਖ਼ੂਬਸੂਰਤੀ ਅਤੇ ਲੋਕਾਂ ਦੀ ਸਹੂਲਤ ਲਈ ਵੱਡੇ ਪੱਧਰ ’ਤੇ ਪੇਵਰ ਬਲਾਕ ਅਤੇ ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਪ੍ਰੀਮਿਕਸ ਪਾਈ ਜਾ ਰਹੀ ਹੈ, ਪ੍ਰੰਤੂ ਇਸ ਤਰ੍ਹਾਂ ਕਰਨ ਨਾਲ ਦੂਜੇ ਪਾਸੇ ਹਰੇ ਭਰੇ ਰੁੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ। ਹਾਲਾਂਕਿ ਇਸ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਆਪਣੇ ਇਕ ਮਹੱਤਵ ਪੂਰਨ ਫੈਸਲੇ ਵਿੱਚ ਇਹ ਸਪੱਸ਼ਟ ਆਦੇਸ਼ ਜਾਰੀ ਕਰ ਚੁੱਕਾ ਹੈ ਕਿ ਪੇਵਰ ਬਲਾਕ ਲਗਾਉਣ ਦੀ ਸੂਰਤ ਵਿੱਚ ਰੁੱਖਾਂ ਦੀਆਂ ਜੜ੍ਹਾਂ ਦੇ ਨੇੜੇ ਘੱਟੋ ਘੱਟ ਇਕ ਮੀਟਰ ਥਾਂ ਸਿੰਚਾਈ ਲਈ ਖਾਲੀ ਛੱਡਣੀ ਜ਼ਰੂਰੀ ਹੈ ਪਰ ਮੁਹਾਲੀ ਵਿੱਚ ਫੁੱਟਪਾਥਾਂ ’ਤੇ ਪੇਵਰ ਬਲਾਕ ਲਗਾਉਣ ਅਤੇ ਪਾਰਕਿੰਗਾਂ ਵਿੱਚ ਪ੍ਰੀਮਿਕਸ ਪਾਉਣ ਸਮੇਂ ਪ੍ਰਸ਼ਾਸਨ ਅਤੇ ਠੇਕੇਦਾਰ ਵੱਲੋਂ ਗਰੀਨ ਟ੍ਰਿਬਿਊਨਲ ਦੇ ਉਕਤ ਆਦੇਸ਼ਾਂ ਨੂੰ ਛਿੱਕੇ ’ਤੇ ਟੰਗ ਕੇ ਰੁੱਖਾਂ ਦੀਆਂ ਜੜ੍ਹਾਂ ਨੇੜੇ ਲੋੜੀਂਦੀ ਕੱਚੀ ਥਾਂ ਨਹੀਂ ਛੱਡੀ ਜਾ ਰਹੀ ਹੈ। ਜਿਸ ਕਾਰਨ ਕਾਫੀ ਰੁੱਖ ਸੁੱਕ ਗਏ ਹਨ ਅਤੇ ਹੋਰ ਕਾਫੀ ਦਰੱਖ਼ਤ ਸੁੱਕਣ ਦਾ ਖ਼ਦਸ਼ਾ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਤੇ ਵਸਨੀਕ ਅਤੇ ਵਾਤਾਵਰਨ ਪ੍ਰੇਮੀ ਆਰਐਸ ਬੈਦਵਾਨ (80) ਨੇ ਮੁਹਾਲੀ ਨਗਰ ਨਿਗਮ ਦੇ ਖ਼ਿਲਾਫ਼ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗਰੀਨ ਟ੍ਰਿਬਿਊਨਲ ਨੇ ਜੰਗਲਾਤ ਵਿਭਾਗ ਦੇ ਚੀਫ਼ ਕੰਜਰਵੇਟਰ ਨੂੰ ਨੋਡਲ ਅਫ਼ਸਰ ਬਣਾਉਂਦਿਆਂ ਇਸ ਸਮੁੱਚੇ ਮਾਮਲੇ ਦੀ ਵਿਸਥਾਰ ਰਿਪੋਰਟ ਦੇਣ ਲਈ ਆਖਿਆ ਹੈ। ਅਗਲੀ ਸੁਣਵਾਈ 7 ਜੁਲਾਈ ਨੂੰ ਹੋਵੇਗੀ। ਸ੍ਰੀ ਬੈਦਵਾਨ ਨੇ ਕਿਹਾ ਕਿ ਇਕ ਪਾਸੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸੂਬਾ ਸਰਕਾਰ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਵਾ ਰਹੀ ਹੈ ਅਤੇ ਦੂਜੇ ਪਾਸੇ ਅਧਿਕਾਰੀਆਂ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਹਰੇ ਭਰੇ ਰੁੱਖ ਸੁੱਕਦੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਦਾ ਫੈਸਲਾ ਹੋਣ ਤੱਕ ਪੇਵਰ ਬਲਾਕ ਲਗਾਉਣ ਦਾ ਕੰਮ ਰੋਕ ਦੇਣਾ ਚਾਹੀਦਾ ਹੈ। ਸ੍ਰੀ ਬੈਦਵਾਨ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਇਕ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਰੱਖ਼ਤਾਂ ਦੀਆਂ ਜੜ੍ਹਾਂ ਨੂੰ ਹਵਾ ਪਾਣੀ ਲਈ ਘੱਟੋ ਘੱਟ ਇਕ ਮੀਟਰ ਦੀ ਥਾਂ ਖਾਲੀ ਛੱਡਣੀ ਜ਼ਰੂਰੀ ਹੈ, ਪ੍ਰੰਤੂ ਮੁਹਾਲੀ ਵਿੱਚ ਅਜਿਹਾ ਨਹੀਂ ਹੋ ਰਿਹਾ ਹੈ। ਜਿਸ ਕਾਰਨ ਕਈ ਰੁੱਖ ਸੁੱਕ ਚੁੱਕੇ ਹਨ ਅਤੇ ਕਈ ਸੁੱਕਣ ਕੰਢੇ ਪਹੁੰਚ ਗਏ ਹਨ।
ਉਧਰ, ਇਹ ਵੀ ਪਤਾ ਲੱਗਾ ਹੈ ਕਿ ਜੰਗਲਾਤ ਵਿਭਾਗ ਦੇ ਚੀਫ਼ ਕੰਜਰਵੇਟਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਨਗਰ ਨਿਗਮ, ਗਮਾਡਾ ਅਤੇ ਚੀਫ਼ ਟਾਊਨ ਪਲਾਨਰ ਦੇ ਦਫ਼ਤਰ ’ਚੋਂ ਸਟਾਫ਼ ਹਾਜ਼ਰ ਹੋਇਆ। ਹਾਲਾਂਕਿ ਇਸ ਮਾਮਲੇ ਦੀ ਰਿਪੋਰਟ 3 ਮਈ ਤੱਕ ਕੀਤੀ ਜਾਣੀ ਸੀ ਪਰ ਸੂਤਰ ਦੱਸਦੇ ਹਨ ਕਿ ਦੁਬਾਰਾ ਕੋਈ ਮੀਟਿੰਗ ਨਾ ਹੋਣ ਕਾਰਨ ਇਹ ਰਿਪੋਰਟ ਵੀ ਪੈਂਡਿੰਗ ਹੈ।
(ਬਾਕਸ ਆਈਟਮ)
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਇੰਨ ਬਿੰਨ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਹੋਈ ਹੋਵੇਗੀ ਅਤੇ ਮੁੱਢਲੀ ਜਾਂਚ ਵਿੱਚ ਸਬੰਧਤ ਠੇਕੇਦਾਰ ਜਾਂ ਨਗਰ ਨਿਗਮ ਦੇ ਦਫ਼ਤਰੀ ਸਟਾਫ਼ ਦੀ ਕਥਿਤ ਅਣਗਹਿਲੀ ਪਾਈ ਗਈ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਰੁੱਖਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ।
(ਬਾਕਸ ਆਈਟਮ)
ਸਾਬਕਾ ਕੌਂਸਲਰ ਡਾ. ਪਵਨ ਕੁਮਾਰ ਜੈਨ ਨੇ ਦੱਸਿਆ ਕਿ ਮੁਹਾਲੀ ਵਿੱਚ ਜ਼ਿਆਦਾਤਰ ਰੁੱਖਾਂ ਨੂੰ ਕੀੜਾ ਲੱਗ ਗਿਆ ਹੈ। ਜੋ ਰੁੱਖਾਂ ਲਈ ਤਾਂ ਨੁਕਸਾਨਦਾਇਕ ਹੈ ਹੀ ਪ੍ਰੰਤੂ ਇਸ ਦਾ ਮਨੁੱਖੀ ਸਿਹਤ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਫੇਜ਼-9 ਅਤੇ ਨਾਈਪਰ ਸੜਕ, ਫੋਰਟਿਸ ਦੇ ਬਾਹਰ, ਸ਼ਹਿਰ ਦੀ ਮੁੱਖ ਅੰਦਰਲੀ ਸੜਕ ਅਤੇ ਹੋਰਨਾਂ ਥਾਵਾਂ ’ਤੇ ਹਰੇ ਭਰੇ ਰੁੱਖਾਂ ਨੂੰ ਕੀੜਾ ਲੱਗਾ ਹੋਇਆ ਹੈ। ਡਾਕਟਰ ਜੈਨ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਥਾਵਾਂ ’ਤੇ ਰੁੱਖਾਂ ਹੇਠ ਰੇਹੜੀ ਫੜੀ ਵਾਲੇ ਖਾਣ ਪੀਣ ਦਾ ਸਮਾਨ ਵੇਚਦੇ ਹਨ, ਪ੍ਰੰਤੂ ਉਨ੍ਹਾਂ ਦੀ ਬੇਧਿਆਨੀ ਕਾਰਨ ਰੁੱਖਾਂ ਤੋਂ ਕੀੜਾ ਸਮਾਨ ਵਿੱਚ ਡਿੱਗ ਰਿਹਾ ਹੈ, ਜੋ ਮਨੁੱਖ ਦੀ ਸਿਹਤ ਲਈ ਕਾਫੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇੰਝ ਹੀ ਕੁੰਭੜਾ ਤੋਂ ਬਾਵਾ ਵਾਈਟ ਹਾਊਸ ਸੜਕ ’ਤੇ ਇਕ ਰੁੱਖ ਥੱਲੇ ਰਾਹਗੀਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਟੈਂਕੀ ਰੱਖੀ ਹੋਈ ਹੈ। ਇਸ ਦਰੱਖ਼ਤ ਉੱਤੇ ਵੀ ਕਾਫੀ ਕੀੜੇ ਹਨ। ਕਈ ਕੀੜੇ ਪਾਣੀ ਦੀ ਟੁੱਟੀ ਅਤੇ ਟੈਂਕੀ ਦੇ ਉੱਤੇ ਵੀ ਫਿਰਦੇ ਨਜ਼ਰ ਆਉਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…