Nabaz-e-punjab.com

ਚੱਪੜਚਿੜੀ ਜੰਗੀ ਯਾਦਗਾਰ ਨੇੜੇ ਖਾਲੀ ਜ਼ਮੀਨ ਵਿੱਚ ਸ਼ਹੀਦੀ ਬਾਗ ਲਗਾਉਣ ਦੀ ਸ਼ੁਰੂਆਤ

ਐਸਜੀਪੀਸੀ ਦੇ ਸਟਾਫ਼ ਅਤੇ ਗੁਰਦੁਆਰਾ ਕਮੇਟੀ ਤੇ ਸੇਵਾਦਾਰਾਂ ਨੇ ਪੌਦੇ ਲਗਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਚੱਪੜਚਿੜੀ ਅਤੇ ਜੰਗੀ ਯਾਦਗਾਰ ਦੇ ਬਾਹਰ ਖਾਲੀ ਜ਼ਮੀਨ ਵਿੱਚ ਸ਼ਹੀਦ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਬਾਗ ਲਗਾਉਣ ਦੀ ਰਸਮੀ ਸ਼ੁਰੂਆਤ ਹੋਣ ਨਾਲ ਸੰਗਤ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਅਸਥਾਨ ’ਤੇ 12 ਮਈ 1710 ਈਸਵੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਲਗ ਫੌਜਾਂ ਨਾਲ ਲੋਹਾ ਲੈਂਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਦਾ ਬਦਲਾ ਲਿਆ ਸੀ।
ਇਸ ਅਸਥਾਨ ’ਤੇ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਅਤੇ ਹੋਰ ਸਟਾਫ਼ ਮੈਂਬਰਾਂ ਨੇ 30 ਛਾਂਦਾਰ ਪੌਦੇ ਲਗਾਏ। ਇਸ ਉਪਰੰਤ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਚੱਪੜਚਿੜੀ ਦੇ ਪ੍ਰਧਾਨ ਜਗਤਾਰ ਸਿੰਘ, ਸਾਬਕਾ ਸਰਪੰਚ ਸੋਹਨ ਸਿੰਘ, ਜਨਰਲ ਸਕੱਤਰ ਗੁਰਮੇਲ ਸਿੰਘ, ਬਾਬਾ ਜੱਸਾ ਸਿੰਘ ਕਾਰਸੇਵਾ ਵਾਲੇ, ਬਾਬਾ ਬਹਾਦਰ ਸਿੰਘ ਅਤੇ ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਅਤੇ ਹੋਰਨਾਂ ਨੁਮਾਇੰਦਿਆਂ ਨੇ ਚੱਪੜਚਿੜੀ ਜੰਗੀ ਯਾਦਗਾਰ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਖਾਲੀ ਜ਼ਮੀਨ ਵਿੱਚ 100 ਤੋਂ ਵੱਧ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਨ੍ਹਾਂ ਪੌਦਿਆਂ ਵਿੱਚ ਅੰਬ, ਅਮਰੂਦ, ਲੀਚੀ, ਚੀਕੂ, ਜਾਂਮਣ ਅਤੇ ਤੂਤ ਦੇ ਬੂਟੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪੌਦੇ ਲਗਾਏ ਜਾਣਗੇ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ 20 ਏਕੜ ਤੋਂ ਵੱਧ ਇਸ ਇਤਿਹਾਸਕ ਮੈਦਾਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਚੱਪੜਚਿੜੀ ਪੰਚਾਇਤ ਤੋਂ ਮੰਗ ਕੀਤੀ ਕਿ ਮੈਦਾਨ ਦੀ ਇਤਿਹਾਸਕ ਮਹੱਤਤਾ ਨੂੰ ਕਾਇਮ ਰੱਖਦਿਆਂ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਵੱਡਾ ਬਾਗ ਬਣਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਕਣਕ ਦੀ ਬਿਜਾਈ: ਕਿਸਾਨ ਇਕੱਲੇ ਡੀਏਪੀ ਖਾਦ ’ਤੇ ਹੀ ਨਿਰਭਰ ਨਾ ਰਹਿਣ: ਡਾ. ਗੁਰਮੇਲ ਸਿੰਘ

ਕਣਕ ਦੀ ਬਿਜਾਈ: ਕਿਸਾਨ ਇਕੱਲੇ ਡੀਏਪੀ ਖਾਦ ’ਤੇ ਹੀ ਨਿਰਭਰ ਨਾ ਰਹਿਣ: ਡਾ. ਗੁਰਮੇਲ ਸਿੰਘ ਮਾਰਕੀਟ ਵਿੱਚ ਕਣਕ …