
ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰਾਂ ਤੇ ਥਾਣਿਆਂ ਵਿੱਚ ਫਲਦਾਰ ਤੇ ਛਾਂਦਾਰ ਪੌਦੇ ਲਗਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਪੰਜਾਬ ਪੁਲੀਸ (ਕਮਿਊਨਿਟੀ ਅਫਰੇਜ਼ ਡਵੀਜ਼ਨ) ਦੇ ਏਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਐਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰ ਦੀ ਇੰਚਾਰਜ ਸਬ ਇੰਸਪੈਕਟਰ ਖੁਸ਼ਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਸਾਂਝ ਕੇਂਦਰ ਸਮੇਤ ਸਬ ਡਵੀਜ਼ਨ ਪੱਧਰ; ’ਤੇ ਸਮੂਹ ਸਾਂਝ ਕੇਂਦਰਾਂ ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ-1 ਮੁਹਾਲੀ ਅਤੇ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ-2 ਮੁਹਾਲੀ ਅਤੇ ਹੋਰਨਾਂ ਸਾਂਝ ਕੇਂਦਰਾਂ ਵਿਖੇ ਅੱਜ ਵਾਤਾਵਰਨ ਦਿਵਸ ਮਨਾਉਂਦੇ ਹੋਏ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਗਈ। ਜਿਸ ਦਾ ਆਗਾਜ਼ ਖ਼ੁਦ ਖੁਸ਼ਪ੍ਰੀਤ ਕੌਰ ਨੇ ਆਪਣੇ ਹੱਥੀਂ ਇਕ ਪੌਦਾ ਲਗਾ ਕੇ ਕੀਤਾ। ਇਸ ਮੁਹਿੰਮ ਤਹਿਤ ਡੀਸੀ, ਐਸਐਸਪੀ ਦਫ਼ਤਰ ਸਮੇਤ ਥਾਣਿਆਂ ਵਿੱਚ ਫਲਦਾਰ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਲੇ ਛਾਂਦਾਰ ਬੂਟੇ ਲਗਾਏ ਗਏ।
ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਦੀ ਇੰਚਾਰਜ ਸਬ-ਇੰਸਪੈਕਟਰ ਖੁਸ਼ਪ੍ਰੀਤ ਕੌਰ ਨੇ ਸਮੂਹ ਸਾਂਝ ਕੇਂਦਰਾਂ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਖਾਲੀ ਥਾਵਾਂ ’ਤੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਅਤੇ ਭਵਿੱਖ ਵਿੱਚ ਉਨ੍ਹਾਂ ਪੌਦਿਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਸਾਫ਼ਟਵੇਅਰ ਟਰੇਨਰ ਏਐੱਸਆਈ ਦਵਿੰਦਰ ਸਿੰਘ ਨੇਗੀ, ਏਐਸਆਈ ਹਰੀਸ਼ ਕੁਮਾਰ, ਏਐਸਆਈ ਗੁਰਵਿੰਦਰ ਸਿੰਘ ਅਤੇ ਹੋਰਨਾਂ ਮੈਂਬਰਾਂ ਨੇ ਥਾਣਾ ਮੁਖੀਆਂ ਅਤੇ ਸਟਾਫ਼ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ 150 ਤੋਂ ਵੱਧ ਪੌਦੇ ਲਗਾਏ ਅਤੇ ਭਵਿੱਖ ਵਿੱਚ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਕੀਤਾ।