Nabaz-e-punjab.com

ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਸਿਹਤ ਸੰਸਥਾ ਵਿੱਚ 550 ਪੌਦੇ ਲਗਾਏ ਜਾਣਗੇ: ਸਿੱਧੂ

ਸਿਹਤ ਮੰਤਰੀ ਸਿੱਧੂ ਨੇ ਸਰਕਾਰੀ ਡਿਸਪੈਂਸਰੀ ਮੁਹਾਲੀ ਵਿੱਚ ਅਯੁਰਵੈਦਿਕ ਪੌਦੇ ਲਗਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਪੰਜਾਬ ਸਰਕਾਰ ਦੇ ‘ਤੰਦਰੁਸਤ ਮਿਸ਼ਨ ਪੰਜਾਬ’ ਤਹਿਤ ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਵੱਲੋਂ ਹੈਲਥ ਸੈਂਟਰ ਫੇਜ਼-1 (ਸਰਕਾਰੀ ਡਿਸਪੈਂਸਰੀ) ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਤਰ੍ਹਾਂ ਦੇ ਅਯੁਰਵੈਦਿਕ ਪੌਦੇ ਲਗਾਏ ਗਏ। ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ। ਉਨ੍ਹਾਂ ਡਿਸਪੈਂਸਰੀ ਦੇ ਵਿਹੜੇ ਵਿੱਚ ਇਕ ਇਕ ਪੌਦਾ ਲਗਾਇਆ ਅਤੇ ਮੈਡੀਕਲ ਸਟਾਫ਼ ਸਮੇਤ ਹੋਰਨਾਂ ਸ਼ਹਿਰ ਵਾਸੀਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ।
ਇਸ ਮੌਕੇ ਸ੍ਰੀ ਸਿੱਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਹਾਲੀ ਸਮੇਤ ਸਮੁੱਚੇ ਪੰਜਾਬ ਅੰਦਰ ਸਰਕਾਰੀ ਹਸਪਤਾਲਾਂ ਅਤੇ ਪੇਂਡੂ ਡਿਸਪੈਂਸਰੀਆਂ ਵਿੱਚ 550-550 ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ ਅਤੇ ਚੌਕ ਚੌਹਾਰਿਆਂ ਨੂੰ ਖ਼ੂਬਸੂਰਤ ਬਣਾ ਕੇ ਮੁਹਾਲੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਨਗਰ ਨਿਗਮ ਅਤੇ ਗਮਾਡਾ ਅਤੇ ਬਾਗਬਾਨੀ ਵਿਭਾਗ ਸਮੇਤ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਵੱਟਾਂ ਦੇ ਨਾਲ ਨਾਲ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣ।
ਇਸ ਤੋਂ ਪਹਿਲਾਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਵਾਤਾਵਰਨ ਦੇ ਵਿਗੜਦੇ ਹਾਲਾਤ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਡੇਂਗੂ ਦੀ ਰੋਕਥਾਮ ਕਰਨ ਲਈ ਜਾਗਰੂਕ ਕੀਤਾ। ਪੌਦੇ ਲਗਾਉਣ ਦੀ ਇਸ ਮੁਹਿੰਮ ਦੀ ਦੇਖ-ਰੇਖ ਲਈ ਸੇਵਾਮੁਕਤ ਜੰਗਲਾਤ ਅਫ਼ਸਰ ਆਰਐਸ ਬੈਦਵਾਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਸਿਵਲ ਡਿਸਪੈਂਸਰੀ ਫੇਜ਼-1 ਦੇ ਇੰਚਾਰਜ ਡਾ. ਜ਼ਿੰਦਰ ਸਿੰਘ ਨੇ ਪੌਦਿਆਂ ਦੀ ਦੇਖ-ਰੇਖ ਅਤੇ ਰੋਜ਼ਾਨਾ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲਈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਸੋਸੀਏਸ਼ਨ ਦੇ ਪ੍ਰਧਾਨ ਪੀਐਸ ਵਿਰਦੀ, ਕੌਂਸਲਰ ਬੀ.ਬੀ ਮੈਣੀ, ਸ੍ਰੀਮਤੀ ਸੁਮਨ ਗਰਗ, ਸ੍ਰੀਮਤੀ ਨੀਲਮ, ਸੁਰਿੰਦਰ ਸ਼ਰਮਾ, ਅਸ਼ੋਕ ਕੁੰਡਲ, ਅਰੁਣ ਗਰਗ, ਸਰਬਜੀਤ ਸਿੰਘ, ਹਰਜੀਤ ਸਿੰਘ ਵੀ ਹਾਜ਼ਰ ਸਨ। ਸੰਸਥਾ ਦੇ ਮੈਂਬਰਾਂ ਡੀਡੀ ਜੈਨ, ਐਮਐਮ ਚੋਪੜਾ, ਸੋਹਨ ਲਾਲ ਸ਼ਰਮਾ, ਪ੍ਰਵੀਨ ਕਪੂਰ, ਗੁਰਚਰਨ ਸਿੰਘ, ਸੰਤੋਖ ਸਿੰਘ, ਚਰਨਕੰਵਲ ਸਿੰਘ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਯੋਗਦਾਨ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …