ਪੰਜਾਬ ’ਚ ਸਹਿਕਾਰੀ ਸਭਾਵਾਂ ਦਾ ਦੁੱਧ ਦੇ ਕਾਰੋਬਾਰ ਤੇ ਪੰਜਾਬ ਦੀ ਆਰਥਿਕਤਾ ਵਿੱਚ ਅਹਿਮ ਰੋਲ: ਰਾਣਾ ਕੇ.ਪੀ.ਸਿੰਘ

ਵੇਰਕਾ ਨੇ ਕੇਵਲ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਆਪਣਾ ਨਾਂਅ ਚਮਕਾਇਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ:
ਪੰਜਾਬ ’ਚ ਸਹਿਕਾਰੀ ਦੁੱਧ ਸਭਾਵਾਂ ਦਾ ਦੁੱਧ ਦੇ ਕਾਰੋਬਾਰ ਅਤੇ ਪੰਜਾਬ ਦੀ ਆਰਥਿਕਤਾ ਵਿੱਚ ਅਹਿਮ ਰੋਲ ਹੈ ਅਤੇ ਪੰਜਾਬ ਵਿਚ ਡੇਅਰੀ ਵਿਚ ਹੋਰ ਬਹੁਤ ਸਾਰੀਆਂ ਸਭਾਵਨਾਵਾਂ ਮੌਜੂਦ ਹਨ। ਜਿਸ ਲਈ ਸਾਨੂੰ ਆਪਣੀ ਪੂਰੀ ਵਾਹ ਲਾਉਣੀ ਪਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਤੋਂ 64ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦਾ ਆਗਾਜ ਕਰਦਿਆਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਵੇਰਕਾ ਨੇ ਕੇਵਲ ਦੇਸ ਵਿਚ ਹੀ ਨਹੀਂ ਸਗੋਂ ਪੂਰੀ ਦੁਨਿਆਂ ਵਿਚ ਆਪਣਾ ਨਾਂਅ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਡੇਅਰੀ ਖੇਤਰ ਦਾ ਇੱਕ ਪ੍ਰਸੰਸਾਂ ਯੋਗ ਬਰਾਂਡ ਬਣ ਚੁੱਕਿਆ ਹੈ। ਸਹਿਕਾਰਤਾ ਲਹਿਰ ਨੂੰ ਪੰਜਾਬ ਵਿਚ ਕੋਨੇ ਕੋਨੇ ਤੱਕ ਪਹੁੰਚਾਣ ਲਈ ਵੇਰਕਾ ਦਾ ਵੱਡਾ ਯੋਗਦਾਨ ਹੈ।
ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਖਾਸ ਤੌਰ ਤੇ ਦੁੱਧ ਉਤਪਾਦਨ ਲਈ ਮਿਲਕਫੈਡ ਨੇ ਬਹੁਤ ਉਤਸ਼ਾਹਿਤ ਕੀਤਾ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਮਿਲਕਫੈਡ ਨੇ ਵੇਰਕਾਂ ਰਾਂਹੀ ਪਾਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਵੇਰਕਾ ਬਰਾਂਡ ਦਾ ਘਿਓ ਬਾਹਰਲੇ ਦੇਸ਼ਾਂ ਦੁਬਈ, ਆਸਟਰੇਲੀਆ, ਨਿਊਜੀਲੈਡ,ਫਿਲਪਾਈਨ ਵਰਗੇ ਦੇਸ਼ਾਂ ਨੂੰ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਵੇਰਕਾ ਵੱਲੋਂ ਕਰੀਬ 2967 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਗਿਆ ਜਦਕਿ ਇਸ ਸਾਲ 3780 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਮਿੱਥਿਆ ਗਿਆ ਹੈ ਜੋ ਕਿ ਇੱਕ ਸਲਾਘਾਯੋਗ ਕਦਮ ਹੈ। ਉਨ੍ਹਾਂ ਇਸ ਮੌਕੇ ਵੇਰਕਾ ਮਿਲਕ ਪਲਾਂਟ ਨਾਲ ਜੁੜਿਆਂ ਪੰਜਾਬ ਦੀਆ ਵੱਖ ਵੱਖ ਸਹਿਕਾਰੀ ਦੁੱਧ ਸਭਾਵਾਂ ਨੂੰ 03 ਕਰੋੜ 70 ਲੱਖ ਰੁਪਏ ਦਾ ਕੀਮਤ ਅੰਤਰ ਵੀ ਵੰਡਿਆ।
ਸਪੀਕਰ ਨੇ ਇਸ ਮੌਕੇ ਬੋਲਦਿਆਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜ੍ਹੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਕਿਉਂਕਿ ਪੰਜਾਬ ਦੀ ਕਿਰਸਾਨੀ ਸਹਾਇਕ ਧੰਦਿਆਂ ਤੋਂ ਬਿਨ੍ਹਾਂ ਬਚ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਹੁਣ ਸਾਡੀਆਂ ਰਿਵਾਇਤੀ ਫਸਲਾਂ ਲਾਹੇਵੰਦ ਨਹੀਂ ਰਹੀਆਂ ਜ਼ਿੰਨ੍ਹਾਂ ਤੇ ਖਰਚਾ ਵੱਧ ਅਤੇ ਆਮਦਨ ਘੱਟ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਡੇਅਰੀ ਦਾ ਲਾਹੇਵੰਦ ਧੰਦਾ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਡੇਅਰੀ ਵਿਚ ਬਹੁਤ ਸਾਰੀਆਂ ਸੰਭਾਨਾਵਾਂ ਮੌਜੂਦ ਹਨ ਅਤੇ ਇਸ ਧੰਦੇ ਨੂੰ ਕਾਫੀ ਹੱਦ ਤੱਕ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਜਿਸ ਨਾਲ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਉਨ੍ਹਾਂ ਇਸ ਮੌਕੇ ਪੰਜਾਬ ਦੇ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਰਾਂਹੀ ਮਸ਼ੀਨਰੀ ਦੇਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਖਰਚਾ ਘਟੇਗਾ ਅਤੇ ਉਸ ਨੂੰ ਮਹਿੰਗੇ ਭਾਅ ਦੀ ਮਸ਼ੀਨਰੀ ਖਰੀਦਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਹੋਰ ਕਿਹਾ ਕਿ ਸਹਿਕਾਰਤਾ ਵਿਭਾਗ ਪੰਜਾਬ ਰਾਜ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੇ ਖਾਤਮੇ ਲਈ ਬੇਹੱਦ ਸਹਾਈ ਹੋ ਸਕਦਾ ਹੈ ਅਤੇ ਰਾਜ ਵਿਚ ਸਹਿਕਾਰਤਾ ਲਹਿਰ ਦੀ ਹੋਰ ਮਜਬੂਤੀ ਲਈ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਪ੍ਰੰਤੂ ਹੁਣ ਅਸੀਂ ਕੋਈ ਨਾ ਕੋਈ ਕਮੀਆਂ ਕਾਰਨ ਪਿੱਛੇ ਚਲੇ ਗਏ ਹਾਂ। ਉਨ੍ਹਾਂ ਸਮੂਹ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਸਾਨੂੰ ਸਾਰੀਆਂ ਨੂੰ ਪਾਰਟੀਬਾਜੀ ਤੋ ਉਪਰ ਉੱਠ ਕੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇਸ ਦਾ ਮੁੜ ਇੱਕ ਨੰਬਰ ਸੂਬਾ ਬਣ ਸਕੇ।
ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਮਾਗਮ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਹੁੰਗਾਰਾ ਦੇਣ ਲਈ ਸਹਿਕਾਰਤਾ ਵਿਭਾਗ ਦਾ ਬਹੁਤ ਵੱਡਾ ਰੋਲ ਹੈ। ਅਤੇ ਰਾਜ ਦੇ ਹਰੇਕ ਨਾਗਰਿਕ ਨੂੰ ਇਸ ਲਹਿਰ ਨਾਲ ਜੋੜਨ ਦੀ ਲੋੜ ਹੈ ਜਿਸ ਨਾਲ ਬੇਰੁਜ਼ਗਾਰੀ ਨੂੰ ਵੀ ਠੱਲ ਪਵੇਗੀ। ਉਨ੍ਹਾਂ ਕਿਹਾ ਕਿ ਮਿਲਕ ਪ੍ਰੋਸੈਸਿੰਗ ਪਲਾਟ ਸ਼ੋਅ ਰੂਮ ਦੀ ਤਰ੍ਹਾਂ ਹੋਣੇ ਚਾਹੀਦੇ ਹਨ ਜਿਸ ਵਿਚ ਦੁੱਧ ਦੇ ਹੋਰ ਉਤਪਾਦ ਵੀ ਵਿਕਣ ਲਈ ਰੱਖਣੇ ਚਾਹੀਦੇ ਹਨ ਜਿਸ ਨਾਲ ਸਹਿਕਾਰੀ ਸਭਾਵਾਂ ਦੀ ਆਮਦਨ ਵਧੇਗੀ । ਉਨ੍ਹਾਂ ਸੂਬੇ ਵਿਚ ਨੌਜਵਾਨਾਂ ’ਚ ਵਰਕ ਕਲਚਰ ਪੈਦਾ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਅਤੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਆਪਣੇ ਫਾਲਤੂ ਖਰਚੇ ਘਟਾਉਣੇ ਚਾਹੀਦੇ ਹਨ।
ਇਸ ਮੌਕੇ ਮਿਲਕਫੈਡ ਪੰਜਾਬ ਦੇ ਐਮ ਡੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਹਿਕਾਰੀ ਸਪਤਾਹ ਦੋਰਾਨ ਰਾਜ ਵਿਚ ਵੱਖ ਵੱਖ ਥਾਵਾਂ ਤੇ ਸਹਿਕਾਰਤਾ ਲਹਿਰ ਦੀ ਮਜਬੂਤੀ ਲਈ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਹੋਰ ਕਿਹਾ ਕਿ ਮਿਆਰੀ ਦੁੱਧ ਪੈਦਾ ਹੋਣ ਨਾਲ ਸਾਨੂੰ ਚੰਗਾ ਮੁਨਾਫਾ ਮਿਲੇਗਾ। ਉਨ੍ਹਾਂ ਗੁੱਡ ਗਵਰਨਸ ਨੂੰ ਹੇਠਲੇ ਪੱਧਰ ਤੱਕ ਸ਼ੁਰੂ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮਾਡਲ ਡੇਅਰੀ ਸਹਿਕਾਰੀ ਸਭਾਵਾਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵਿਖੇ ਵੇਰਕਾ ਸਵੀਟਸ ਲਾਂਚ ਕੀਤੀ ਜਾਵੇਗੀ ਜਿੱਥੇ ਕਿ ਵੇਰਕਾ ਦੀਆਂ ਬਣੀਆਂ ਮਿਠਾਈਆਂ ਸਾਰਾ ਸਾਲ ਮਿਲਿਆ ਕਰਨਗੀਆਂ। ਉਨ੍ਹਾਂ ਇਸ ਮੌਕੇ ਸਹਿਕਾਰੀ ਸਭਾਵਾਂ ਨੂੰ ਦੁੱਧ ਦੀ ਮਾਰਕਟਿੰਗ ਪੈਦਾ ਕਰਨ ਦੇ ਸਾਧਨ ਵੀ ਘੋਖਣ ਦੀ ਅਪੀਲ ਕੀਤੀ । ਉਨ੍ਹਾਂ ਹੋਰ ਕਿਹਾ ਕਿ ਰਾਜ ਵਿਚ ਪਸ਼ੂ ਪਾਲਕਾਂ ਨੂੰ ਪਸ਼ੂ ਇਲਾਜ ਲਈ ਮੁਫਤ ਡਾਕਟਰੀ ਸਹਾਇਤਾ, ਹਰੇ ਚਾਰੇ ਦੇ ਬੀਜ਼ਾਂ ਦੀ ਸਪਲਾਈ ਅਤੇ ਗਾਵਾਂ ਤੇ ਮੱਝਾਂ ਵਿਚ ਬਨਾਵਟੀ ਗਰਭਦਾਨ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਨੂੰ ਭਾਰਤ ਸਰਕਾਰ ਵੱਲੋਂ ਉੱਤਰੀ ਭਾਰਤ ਦਾ ਸਰਵੋਤਮ ਡੇਅਰੀ ਐਵਾਰਡ ਦਿੱਤਾ ਗਿਆ ਹੈ।
ਸਮਾਗਮ ਨੂੰ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਮੋਹਨ ਸਿੰਘ ਡੂੰਮੇਵਾਲ, ਗੁਰਮੀਤ ਸਿੰਘ ਗੰਢਵਾਂ ਕਲਾਂ, ਸੁਰਿੰਦਰ ਸਿਘ ਗੁਰਤੇਜ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਸਹਿਕਾਰਤਾ ਵਿਭਾਗ ਪੰਜਾਬ ਸ੍ਰੀ ਡੀ.ਪੀ.ਰੈਡੀ, ਡਾਇਰੈਕਟਰ ਡੇਅਰੀ ਵਿਕਾਸ ਪੰਜਾਬ ਸ੍ਰ:ਇੰਦਰਜੀਤ ਸਿੰਘ, ਏ.ਐਮ.ਡੀ. ਮਿਲਕ ਫੈਡ ਐਚ.ਐਸ.ਗਰੇਵਾਲ, ਸਾਬਕਾ ਚੈਅਰਮੈਨ, ਪਰਵਿੰਦਰ ਸਿੰਘ ਚਲਾਕੀ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀਮਤੀ ਬਰਜਿੰਦਰ ਕੌਰ ਬਾਜਵਾ, ਉੱਦਮ ਸਿੰਘ ਜੀ.ਐਮ.ਵੇਰਕਾ ਮਿਲਕ ਪਲਾਂਟ, ਡਾਇਰੈਕਟਰ ਵੇਰਕਾ ਮਿਲਕ ਪਲਾਂਟ ਮਲਕੀਤ ਸਿੰਘ ਖੱਟੜਾ, ਸ੍ਰੀ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ, ਕੌਂਸਲਰ ਰਜਿੰਦਰ ਸਿੰਘ ਰਾਣਾ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ ਅਤੇ ਗੁਰਚਰਨ ਸਿੰਘ ਭਮਰਾ ਸਮੇਤ ਸਹਿਕਾਰਤਾ ਵਿਭਾਗ ਅਤੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਹੋਰ ਡਾਇਰੈਕਟਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਰਾਣਾ ਕੇ.ਪੀ.ਸਿੰਘ ਨੇ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਮੁਆਇਨਾ ਵੀ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…