ਪ੍ਰਧਾਨ ਮੰਤਰੀ ਆਸ਼ਾ ਯੋਜਨਾ ਲਾਗੂ ਹੋਣ ’ਤੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਨੂੰ ਠੱਲ੍ਹ ਪਵੇਗੀ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਮੁਹਾਲੀ, 5 ਅਕਤੂਬਰ:
ਕਿਸਾਨ ਭਵਨ ਨਵੀਂ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਡਾ. ਰਾਧਾ ਮੋਹਨ ਜੀ ਨੂੰ ਮਿਲਕੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਵੱਲੋਂ ਜਾਰੀ ਕੀਤੀ ਆਸ਼ਾ ਯੋਜਨਾ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਕੀਮ ਦੇਸ਼ ਦੇ ਕਿਸਾਨਾਂ ਲਈ ਆਜ਼ਾਦੀ ਤੋਂ ਬਾਅਦ ਲਿਆ ਇੱਕ ਵੱਡਾ ਇਤਿਹਾਸਿਕ ਫ਼ੈਸਲਾ ਹੈ। ਉਹਨਾਂ ਕਿਹਾ ਕਿ 1947 ਤੋਂ 1966 ਤੱਕ ਕਿਸਾਨਾਂ ਦੀ ਫ਼ਸਲ ਦੇ ਭਾਅ ਬਾਜ਼ਾਰ ਹੀ ਨਿਸ਼ਚਤ ਕਰਦਾ ਸੀ, ਭਾਵੇਂ ਕਿ 1966 ਤੋਂ 22 ਫ਼ਸਲਾਂ ਦੀ ਐਮਐਸਪੀ ਐਲਾਨੀ ਜਾਣ ਲੱਗੀ, ਪ੍ਰੰਤੂ ਕੇਵਲ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਤੇ ਝੋਨਾ ਹੀ ਐਮਐਸਪੀ ਤੇ ਖਰੀਦਿਆ ਜਾਂਦਾ ਸੀ ਅਤੇ ਦੂਸਰੀਆਂ ਫ਼ਸਲਾਂ ਜਿਵੇਂ ਕਿ ਮੱਕੀ, ਸੂਰਜਮੁੱਖੀ, ਦਾਲਾਂ ਆਦਿ ਫ਼ਸਲਾਂ ਦੇ ਭਾਅ ਐਮਐਸਪੀ ਤੋਂ ਬਹੁਤ ਘਟ ਮਿਲਦੇ ਸਨ। ਉਹਨਾਂ ਕਿਹਾ ਕਿ ਆਸ਼ਾ ਯੋਜਨਾ ਦੇ ਲਾਗੂ ਹੋਣ ਨਾਲ ਬਾਜ਼ਾਰ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਐਮਐਸਪੀ ਦੇ ਤਹਿਤ ਯਕੀਨੀ ਹੋਣਗੇ ਅਤੇ ਬਾਜ਼ਾਰ ਵਿਚ ਫ਼ਸਲਾਂ ਦੇ ਘੱਟ ਭਾਅ ਮਿਲਣ ਦੀ ਭਰਪਾਈ ਕੇਂਦਰ ਸਰਕਾਰ ਵੱਲੋਂ ਹੋਵੇਗੀ।
ਸ੍ਰੀ ਚੰਦੂਮਜਾਰਾ ਨੇ ਦੱਸਿਆ ਪੰਜਾਬ ਵਿੱਚ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਖੇਤਰ ਬੰਗਾ, ਨਵਾਂ ਸ਼ਹਿਰ, ਬਲਾਚੌਰ, ਰੋਪੜ, ਖਰੜ, ਮੋਹਾਲੀ ਆਦਿ ਖੇਤਰਾਂ ਵਿਚ ਜਿਵੇਂ ਮੱਕੀ, ਸੂਰਜਮੁਖੀ, ਤੋਰੀਆ ਆਦਿ ਦੀ ਫ਼ਸਲ ਵੱਡੇ ਪੱਧਰ ਤੇ ਪੈਦਾ ਹੁੰਦੀ ਹੈ, ਇਸ ਸਕੀਮ ਨਾਲ ਇਹਨਾਂ ਏਰੀਆ ਨਾਲ ਸੰਬੰਧਤ ਕਿਸਾਨਾਂ ਨੂੰ ਕਰੋੜਾਂ ਰੁਪਇਆ ਦਾ ਮੁਨਾਫ਼ਾ ਪੁੱਜੇਗਾ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਜਲਦ ਹੀ ਖਰੀਦ ਏਜੰਸ਼ੀਆਂ ਦੇ ਨਾਂ ਦੱਸ ਕੇ ਲੋੜ੍ਹੀਦੇ ਫਾਰਮ ਭਰਕੇ ਕੇਂਦਰ ਸਰਕਾਰ ਨੂੰ ਭੇਜੇ ਤਾਂ ਕਿ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਐਮ.ਐਸ.ਪੀ. ਤੇ ਖਰੀਦ ਸੰਬੰਧੀ ਅਸਲ ਭਾਅ ਦੀ ਭਰਭਾਈ ਲਈ ਰਾਸ਼ੀ ਭੇਜ ਕੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਆਜ਼ਾਦ ਹੋਇਆ 70 ਸਾਲ ਬੀਤ ਚੁੱਕੇ ਹਨ, ਪ੍ਰੰਤੂ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਤਹਿ ਕਰਨ ਲਈ ਕੋਈ ਵੀ ਲੋੜੀਂਦਾ ਫ਼ਾਰਮੂਲਾ ਨਿਰਧਾਰਿਤ ਨਹੀ ਹੋਇਆ, ਸਗੋਂ ਕਿਸਾਨਾਂ ਦੀ ਉਪਜ ਦੇ ਭਾਅ ਬਾਜ਼ਾਰ ਅਤੇ ਮੰਡੀ ਦੀ ਤਰਜ਼ ਤੇ ਹੀ ਛੱਡੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਖੇਤੀ ਲਈ ਆ ਰਹੀਆਂ ਵੱਡੀਆਂ ਆਫ਼ਤਾਂ ਜਿਵੇਂ ਕਿ ਹੜ੍ਹ, ਸੋਕਾ ਆਦਿ ਕੁਦਰਤੀ ਮਾਰਾਂ ਨਾਲ ਨਿੱਜਠਣ ਲਈ ਵੀ ਕੋਈ ਠੋਸ ਉਪਰਾਲੇ ਜਾਂ ਰਣਨਿਤੀ ਨਹੀ ਬਣਾਈ ਗਈ। ਅਖੀਰ ਵਿੱਚ ਉਹਨਾਂ ਕਿਹਾ ਕਿ ਭਾਵੇਂ ਦੇਸ਼ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਜੇ ਵੀ ਬਹੁਤੀ ਅਸਰਦਾਇਕ ਸਿੱਧ ਨਹੀ ਹੋਈ, ਪ੍ਰੰਤੂ ਕੇਂਦਰ ਸਰਕਾਰ ਵੱਲੋਂ ਐਮ.ਐਸ.ਪੀ. ਤਹਿ ਕਰਨ ਦਾ ਫ਼ਾਰਮੂਲਾ ਤੇ ਹੁਣ ਪ੍ਰਧਾਨ ਮੰਤਰੀ ਆਸ਼ਾ ਯੋਜਨਾ ਆਦਿ ਕਿਸਾਨੀ ਪੱਖੀ ਯੋਜਨਾਵਾਂ ਲਿਆਉਣ ਨਾਲ ਜਿੱਥੇ ਕਿਸਾਨਾਂ ਦੀ ਵਪਾਰੀਆਂ ਹੱਥੋਂ ਹੋਣ ਵਾਲੀ ਲੁੱਟ ਨੂੰ ਠੱਲ੍ਹ ਪਵੇਗੀ, ਉੱਥੇ ਹੀ ਇਹਨਾਂ ਯੋਜਨਾਵਾਂ ਦੇ ਆਉਣ ਨਾਲ ਕਿਸਾਨੀ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਆਸ਼ ਜਾਗੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…