ਜ਼ਹਿਰੀਲੀ ਸ਼ਰਾਬ: ਮੁੱਖ ਮੰਤਰੀ ਨੇ ਚਹੇਤਿਆਂ ਨੂੰ ਬਚਾਉਣ ਲਈ ਪੂਰਾ ਤਾਣ ਲਾਇਆ: ਬੱਬੀ ਬਾਦਲ

ਬੇਅਦਬੀ: ਕਲਿਆਣ, ਬਰਗਾੜੀ ਤੇ ਬਹਿਬਲ ਕਲਾਂ ਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਜੇਲ੍ਹਾਂ ’ਚ ਡੱਕੇ ਸਰਕਾਰ

ਟਕਸਾਲੀ ਦਲ ਦੇ ਆਗੂਆਂ ਨੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਅੱਜ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਦੀ ਅਗਵਾਈ ਹੇਠ ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪਿੰਡ ਕਲਿਆਣ (ਪਟਿਆਲਾ) ਦੇ ਗੁਰਦੁਆਰਾ ਸਾਹਿਬ ’ਚੋਂ ਭੇਤਭਰੀ ਹਾਲਤ ਵਿੱਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਜੇਲ੍ਹਾਂ ਵਿੱਚ ਡੱਕਿਆਂ ਜਾਵੇ। ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ’ਚੋਂ ਗੁੰਮ ਹੋਏ 267 ਪਵਿੱਤਰ ਸਰੂਪਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਗੁਹਾਰ ਲਗਾਈ।
ਡੀਸੀ ਦਫ਼ਤਰ ਵਿੱਚ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਸਚਾਈ ਤਾਂ ਇਹ ਹੈ ਕਿ ਸੂਬੇ ਵਿੱਚ ਪਹਿਲਾਂ ਨਾਲੋਂ ਵੱਧ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ ਅਤੇ ਕਾਂਗਰਸੀ ਆਗੂ ਜ਼ਹਿਰੀਲੀ ਸ਼ਰਾਬ ਵੇਚ ਕੇ ਆਪਣੀਆਂ ਤਜੌਰੀਆਂ ਭਰਨ ਨੂੰ ਲੱਗੇ ਹੋਏ ਹਨ ਜਦੋਂਕਿ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਸਮੇਤ ਪਿੰਡ ਕਲਿਆਣਾ, ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਨਹੀਂ ਡੱਕਿਆਂ ਤਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਐਸਜੀਪੀਸੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਮੁੱਖ ਬੁਲਾਰੇ ਜਗਤਾਰ ਸਿੰਘ ਘੜੂੰਆਂ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਸਰਕਲ ਪ੍ਰਧਾਨ ਇਕਬਾਲ ਸਿੰਘ, ਰਣਧੀਰ ਸਿੰਘ ਸਰਕਲ ਪ੍ਰਧਾਨ ਸੋਹਾਣਾ, ਬਲਬੀਰ ਸਿੰਘ ਝਾਮਪੁਰ ਸਰਕਲ ਪ੍ਰਧਾਨ ਬਲੌਂਗੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਕੰਡਾਲਾ, ਬਾਬਾ ਨਰਿੰਦਰ ਸਿੰਘ, ਮੇਹਰਬਾਨ ਸਿੰਘ ਭੁੱਲਰ, ਹਰਜੀਤ ਸਿੰਘ, ਜਵਾਲਾ ਸਿੰਘ ਖਾਲਸਾ, ਬਲਬੀਰ ਸਿੰਘ ਖਾਲਸਾ, ਰਮਨਦੀਪ ਸਿੰਘ, ਮਨਜੀਤ ਕੌਰ, ਜਸਵਿੰਦਰ ਕੌਰ ਤੇ ਪਰਮਜੀਤ ਕੌਰ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…