
ਜ਼ਹਿਰੀਲਾ ਚਾਰਾ: ਮੁਹਾਲੀ ਦੇ ਤਿੰਨ ਡੇਅਰੀ ਫਾਰਮਾਂ ਵਿੱਚ 112 ਪਸ਼ੂਆਂ ਦੀ ਮੌਤ, ਦੋ ਝੋਟੇ ਤੇ 1 ਬਲਦ ਵੀ ਮਰਿਆ
ਡੀਸੀ ਵੱਲੋਂ ਜਾਂਚ ਅਧਿਕਾਰੀ ਨੂੰ ਘਟਨਾ ਲਈ ਕਸੂਰਵਾਰ ਵਿਅਕਤੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼
ਚਾਰ ਪੈਸੇ ਬਚਾਉਣ ਦੇ ਚੱਕਰ ਵਿੱਚ ਪਸ਼ੂ ਪਾਲਕਾਂ ਨੇ ਆਪਣਾ ਵੱਡਾ ਨੁਕਸਾਨ ਕਰਵਾਇਆ: ਡੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 112 ਹੋ ਗਈ ਹੈ। ਜਿਨ੍ਹਾਂ ਵਿੱਚ ਚੰਗੀ ਨਸਲ ਦੇ ਦੋ ਝੋਟੇ ਅਤੇ ਇਕ ਬਲਦ ਵੀ ਸ਼ਾਮਲ ਹੈ। ਕਈ ਕੱਟੇ ਅਤੇ ਬੱਛੇ ਵੀ ਮਰੇ ਹਨ। ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ ਉਸ ਦੀਆਂ 46 ਮੱਝਾਂ, 4 ਗਾਵਾਂ ਅਤੇ 3 ਕੱਟੇ ਬੱਛੇ ਅਤੇ ਤਿੰਨ ਨਵਜੰਮੇ ਕਟਰੂ ਸ਼ਾਮਲ ਹਨ। ਉਸ ਦੇ ਡੇਅਰੀ ਫਾਰਮ ਵਿੱਚ ਸਿਰਫ਼ ਦੋ ਮੱਝਾਂ ਹੀ ਬਚੀਆਂ ਹਨ। ਇਸ ਨਾਲ ਉਸ ਨੂੰ ਲੱਖਾਂ ਦਾ ਵਿੱਤੀ ਘਾਟਾ ਪਿਆ ਹੈ। ਉਂਜ ਪਿਛਲੇ ਸ਼ੈੱਡ ਵਿੱਚ ਕਈ ਗਾਵਾਂ ਜ਼ਿੰਦਾ ਬਚ ਗਈਆਂ ਹਨ।
ਪੀੜਤ ਤਰਸੇਮ ਲਾਲ ਨੇ ਦੱਸਿਆ ਕਿ ਹੁਣ ਤੱਕ ਉਸ ਦੀਆਂ 33 ਮੱਝਾਂ ਅਤੇ 14 ਗਾਵਾਂ ਮਰ ਚੁੱਕੀਆਂ ਹਨ। ਅੱਜ ਵੀ ਦੋ ਗਾਵਾਂ ਮਰ ਗਈਆਂ ਹਨ ਜਦੋਂਕਿ ਚਾਰ ਗਾਵਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਦੇ ਬਚਨ ਦੀ ਉਮੀਦ ਵੀ ਘੱਟ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇਹ ਡੇਅਰੀ ਫਾਰਮਰ ਪਸ਼ੂਆਂ ਖੁਣੋਂ ਸੁੰਨੇ ਹੋ ਗਏ ਹਨ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ 9 ਪਸ਼ੂ ਮਰ ਗਏ ਹਨ। ਜਿਨ੍ਹਾਂ ਵਿੱਚ 4 ਮੱਝਾਂ, ਚਾਰ ਗਾਵਾਂ ਅਤੇ ਇਕ ਬਲਦ ਸ਼ਾਮਲ ਹੈ। ਜਿਹੜੇ ਦੋ ਤਿੰਨ ਪਸ਼ੂ ਬਿਮਾਰ ਹਨ, ਉਨ੍ਹਾਂ ਦੀ ਹਾਲਤ ਵੀ ਠੀਕ ਨਹੀਂ ਹੈ। ਉਧਰ, ਹੁਣ ਪਸ਼ੂ ਪਾਲਕਾਂ ਨੇ ਫੀਡ ਅਤੇ ਬਾਸੀ ਰੋਟੀਆਂ ਛੱਡ ਕੇ ਹਰਾ ਚਾਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂਆਂ ਦੇ ਮੌਤ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਆਖਿਆ ਹੈ। ਜਾਂਚ ਅਧਿਕਾਰੀ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਐਸਡੀਐਮ ਜਗਦੀਪ ਸਹਿਗਲ ਅਤੇ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਭਲਕੇ ਮੰਗਲਵਾਰ ਨੂੰ ਉਹ ਉਕਤ ਪਿੰਡਾਂ ਦਾ ਦੌਰਾ ਕਰਕੇ ਪਸ਼ੂਆਂ ਦੀ ਮੌਤ ਬਾਰੇ ਪੀੜਤਾਂ ਦੇ ਬਿਆਨ ਦਰਜ ਕਰਨਗੇ। ਉਂਜ ਪ੍ਰਸ਼ਾਸਨ ਨੂੰ ਹਾਲੇ ਤੱਕ ਮ੍ਰਿਤਕ ਪਸ਼ੂਆਂ ਦੇ ਪੋਸਟ ਮਾਰਟਮ ਦੀ ਰਿਪੋਰਟ ਵੀ ਨਹੀਂ ਮਿਲੀ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਏਡੀਸੀ ਨੂੰ ਜਾਂਚ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਾਮਲੇ ਦੀ ਤੈਅ ਤੱਕ ਜਾਣ ਲਈ ਕੋਈ ਅਹਿਮ ਪਹਿਲੂ ਅਣਛੂਹਿਆ ਨਹੀਂ ਰਹਿਣਾ ਹੈ ਅਤੇ ਜਾਂਚ ਵਿੱਚ ਇਹ ਸਪੱਸ਼ਟ ਕੀਤਾ ਜਾਵੇ ਕਿ ਪਸ਼ੂਆਂ ਦੀ ਮੌਤ ਕਿਵੇਂ ਹੋਈ, ਇਸ ਲਈ ਕੌਣ ਜ਼ਿੰਮੇਵਾਰ ਹੈ, ਪਸ਼ੂ ਪਾਲਕ ਜਾਂ ਚਾਰਾ ਤੇ ਫੀਡ ਸਪਲਾਈ ਕਰਨ ਵਾਲਾ, ਕਿੰਨਾ ਨੁਕਸਾਨ ਹੋਇਆ ਅਤੇ ਕੀ ਪੀੜਤ ਡੇਅਰੀ ਫਾਰਮਰ ਮੁਆਵਜ਼ੇ ਦੇ ਹੱਕਦਾਰ ਹਨ ਜਾਂ ਨਹੀਂ। ਇਹ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਕਲੀਅਰ ਕੀਤੀਆਂ ਜਾਣ ਹਨ ਅਤੇ ਸਮੁੱਚੇ ਘਟਨਾਕ੍ਰਮ ਲਈ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਫਿਕਸ ਕਰਕੇ ਦੱਸੀ ਜਾਵੇ ਤਾਂ ਜੋ ਅਗਲੀ ਕਾਰਵਾਈ ਲਈ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਸਕੇ।
ਡੀਸੀ ਨੇ ਦੱਸਿਆ ਕਿ ਰੀਜ਼ਨਲ ਡੀਡਜ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਸ਼ੂਆਂ ਦੇ ਪੋਸਟ ਮਾਰਟਮ ਦੀ ਰਿਪੋਰਟ ਜਲਦੀ ਭੇਜੀ ਜਾਵੇ। ਉਂਜ ਡੀਸੀ ਨੇ ਕਿਹਾ ਕਿ ਚਾਰ ਪੈਸੇ ਬਚਾਉਣ ਦੇ ਚੱਕਰ ਵਿੱਚ ਪਸ਼ੂ ਪਾਲਕਾਂ ਨੇ ਆਪਣਾ ਵੱਡਾ ਨੁਕਸਾਨ ਕਰਵਾ ਲਿਆ ਹੈ। ਜੇਕਰ ਉਹ ਆਪਣੇ ਪਸ਼ੂਆਂ ਨੂੰ ਚੰਗੀ ਫੀਡ ਅਤੇ ਵਧੀਆਂ ਚਾਰਾ ਪਾਉਂਦੇ ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਪਸ਼ੂ ਪਾਲਕਾਂ ਵੱਲੋਂ ਬਾਸੀ ਰੋਟੀਆਂ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਦਾ ਬਚਿਆ ਖਾਣਾ ਸਸਤੇ ਭਾਅ ਵਿੱਚ ਖਰੀਦ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਦਿਹਾਤੀ ਵਿਕਾਸ ਫੰਡ ’ਚੋਂ ਪੀੜਤ ਪਸ਼ੂ ਪਾਲਕਾਂ ਨੂੰ ਘੱਟੋ ਘੱਟ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਸ਼ੂ ਪਾਲਕ ਮੁੜ ਤੋਂ ਆਪਣੇ ਪੈਰਾਂ ’ਤੇ ਖੜੇ ਹੋ ਸਕਣ।
(ਬਾਕਸ ਆਈਟਮ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਡੇਅਰੀ ਫਾਰਮਰਾਂ ਨੂੰ ਗਊਸ਼ਾਲਾ ਵਿੱਚ ਮੌਜੂਦ ਚੰਗੀ ਨਸਲ ਅਤੇ ਸਿਹਤਮੰਦ ਪਸ਼ੂ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਡੀਸੀ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਗਊਸ਼ਾਲਾਵਾਂ ਦਾ ਦੌਰਾ ਕਰਕੇ ਦੁਧਾਰੂ ਪਸ਼ੂਆਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਪਸ਼ੂ ਪਾਲਕ ਮੁੜ ਤੋਂ ਆਪਣੇ ਪੈਰਾਂ ’ਤੇ ਖੜੇ ਹੋ ਸਕਣ।