Nabaz-e-punjab.com

ਜ਼ਹਿਰੀਲਾ ਚਾਰਾ: ਮੁਹਾਲੀ ਦੇ ਤਿੰਨ ਡੇਅਰੀ ਫਾਰਮਾਂ ਵਿੱਚ ਮ੍ਰਿਤਕ ਪਸ਼ੂਆਂ ਦੀ ਗਿਣਤੀ 116 ਹੋਈ

ਹੜਤਾਲ ਕਾਰਨ ਅੱਜ ਵੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਜਾ ਸਕੇ ਜਾਂਚ ਅਧਿਕਾਰੀ, ਮੁੱਖ ਮੰਤਰੀ ਨੇ 3 ਦਿਨਾਂ ’ਚ ਮੰਗੀ ਸੀ ਰਿਪੋਰਟ

ਪਸ਼ੂ ਪਾਲਣ ਵਿਭਾਗ ਨੂੰ ਹਾਲੇ ਤੱਕ ਨਹੀਂ ਮਿਲੀ ਪੋਸਟ ਮਾਰਟਮ ਤੇ ਚਾਰੇ ਦੇ ਸੈਂਪਲਾਂ ਦੀ ਜਾਂਚ ਰਿਪੋਰਟ, ਉਡੀਕ ਲੰਮੀ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 116 ਹੋ ਗਈ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਬੱਛੀ ਵੀ ਮਰ ਗਈ ਹੈ। ਪੀੜਤ ਤਰਸੇਮ ਲਾਲ ਨੇ ਦੱਸਿਆ ਕਿ ਅੱਜ ਉਸ ਦੀ ਇਕ ਮੱਝ ਅਤੇ ਗਾਂ ਮਰ ਗਈ ਹੈ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ ਲੰਘੀ ਰਾਤ ਇਕ ਹੋਰ ਮੱਝ ਮਰ ਗਈ ਹੈ।
ਉਧਰ, ਅੱਜ ਸ਼ਾਮੀ ਡੇਰਾਬੱਸੀ ਦੇ ਅਕਾਲੀ ਵਿਧਾਇਕ ਐਨਕੇ ਸ਼ਰਮਾ ਅਤੇ ਮੁਹਾਲੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਪਿੰਡ ਕੰਡਾਲਾ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਮੁਹਾਲੀ ਸ਼ਹਿਰੀ ਦੇ ਪ੍ਰਧਾਨ ਹਰਮਨਜੋਤ ਸਿੰਘ ਅਤੇ ਜਥੇਦਾਰ ਪ੍ਰੇਮ ਸਿੰਘ ਝਿਊਰਹੇੜੀ ਸਾਬਕਾ ਸਰਪੰਚ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਐਨਕੇ ਸ਼ਰਮਾ ਨੇ ਪੀੜਤ ਡੇਅਰੀ ਫਾਰਮਰਾਂ ਤੋਂ ਪਸ਼ੂਆਂ ਦੀ ਮੌਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੀੜਤਾਂ ਨੂੰ ਪਸ਼ੂਆਂ ਦੀ ਮੌਤ ਨਾਲ ਹੋਏ ਨੁਕਸਾਨ ਸਬੰਧੀ ਬਿੱਲ ਦੇ ਰੂਪ ਵਿੱਚ ਲਿਖਤੀ ਜਾਣਕਾਰੀ ਦੇਣ ਨੂੰ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਡੇਅਰੀ ਫਾਰਮਰਾਂ ਨੂੰ ਮੁੜ ਤੋਂ ਪੈਰਾਂ ’ਤੇ ਖੜੇ ਹੋਣ ਅਤੇ ਯੋਗ ਮੁਆਵਜ਼ਾ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪਸ਼ੂਆਂ ਦੀ ਮੌਤ ਦਾ ਮਾਮਲਾ ਚੁੱਕਿਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਸ਼ੂਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰਦਿਆਂ ਡੀਸੀ ਤੋਂ ਤਿੰਨ ਦਿਨਾਂ ਦ ਅੰਦਰ ਅੰਦਰ ਵਿਸਥਾਰ ਰਿਪੋਰਟ ਮੰਗ ਗਈ ਸੀ ਲੇਕਿਨ ਦੋ ਦਿਨ ਬੀਤੇ ਚੁੱਕੇ ਹਨ ਹਾਲੇ ਤੱਕ ਪਸ਼ੂ ਪਾਲਣ ਵਿਭਾਗ ਨੂੰ ਮ੍ਰਿਤਕ ਪਸ਼ੂਆਂ ਦੀ ਪੋਸਟ ਮਾਰਟਮ ਅਤੇ ਪਸ਼ੂਆਂ ਨੂੰ ਪਰੋਸੇ ਜਾ ਰਹੇ ਚਾਰੇ ਅਤੇ ਫੀਡ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਨਹੀਂ ਮਿਲੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਮਲਜੀਤ ਸਿੰਘ ਮਾਹਲ ਨੇ ਦੱਸਿਆ ਕਿ ਰੀਜ਼ਨਲ ਡੀਡਜ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਨੂੰ ਮ੍ਰਿਤਕ ਪਸ਼ੂਆਂ ਦੇ ਪੋਸਟ ਮਾਰਟਮ ਦੀ ਰਿਪੋਰਟ ਜਲਦੀ ਦੇਣ ਲਈ ਆਖਿਆ ਗਿਆ ਹੈ। ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਪ੍ਰੰਤੂ ਇਲਾਜ ਦੇ ਬਾਵਜੂਦ ਚਾਰ ਹੋਰ ਪਸ਼ੂ ਮਰ ਗਏ ਹਨ।
ਜਾਂਚ ਅਧਿਕਾਰੀ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਜਾ ਰਹੀ ਹੈ ਅਤੇ ਭਲਕੇ ਬੁੱਧਵਾਰ ਨੂੰ ਉਕਤ ਪਿੰਡਾਂ ਦਾ ਦੌਰਾ ਕਰਕੇ ਪਸ਼ੂਆਂ ਦੀ ਮੌਤ ਬਾਰੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਡੇਅਰੀ ਫਾਰਮਾਂ ਵਿੱਚ ਫੀਡ ਅਤੇ ਚਾਰਾ ਸਪਲਾਈ ਕਰਨ ਵਾਲਾ ਮੀਆਂ ਨਾਂ ਦਾ ਵਿਅਕਤੀ ਫਰਾਰ ਦੱਸਿਆ ਗਿਆ ਹੈ। ਸੋਹਾਣਾ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਡੇਅਰੀ ਫਾਰਮਰਾਂ ਵੱਲੋਂ ਫੀਡ ਦੇ ਨਾਲ ਨਾਲ ਬਾਸੀ ਰੋਟੀਆਂ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਦਾ ਬਚਿਆ ਖਾਣਾ ਸਸਤੇ ਭਾਅ ਵਿੱਚ ਖਰੀਦ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਉਧਰ, ਹੁਣ ਪਸ਼ੂਆਂ ਦੀ ਮੌਤ ਤੋਂ ਬਾਅਦ ਡੇਅਰੀ ਫਾਰਮਰਾਂ ਨੇ ਆਪਣੀ ਬਾਕੀ ਪਸ਼ੂਆਂ ਨੂੰ ਹਰਾ ਚਾਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਦਿਹਾਤੀ ਵਿਕਾਸ ਫੰਡ ’ਚੋਂ ਪੀੜਤ ਪਸ਼ੂ ਪਾਲਕਾਂ ਨੂੰ ਘੱਟੋ ਘੱਟ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਸ਼ੂ ਪਾਲਕ ਮੁੜ ਤੋਂ ਆਪਣੇ ਪੈਰਾਂ ’ਤੇ ਖੜੇ ਹੋ ਸਕਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …