ਜ਼ਹਿਰੀਲੀ ਸ਼ਰਾਬ: ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਜਾਂਦੇ ਹੋਏ ਭਗਵੰਤ ਮਾਨ ਤੇ ਸਾਥੀ ਵਿਧਾਇਕ ਗ੍ਰਿਫ਼ਤਾਰ

ਭਗਵੰਤ ਮਾਨ ਤੇ ਆਪ ਵਿਧਾਇਕ ਅਤੇ ਵਾਲੰਟੀਅਰਾਂ ਨੂੰ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਲਿਆ ਕੇ ਡੱਕਿਆ

ਪੰਜਾਬ ਵਿੱਚ ਸਰਕਾਰ ਤੇ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਉਨ੍ਹਾਂ ਦੇ ਫਾਰਮ ਹਾਊਸ ਵੱਲ ਜਾ ਰਹੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਸ੍ਰੀ ਮਾਨ ਸਣੇ ਸਾਰੇ ਵਿਧਾਇਕ ਅਤੇ ਇਲਾਕੇ ਦੇ ਸੀਨੀਅਰ ਆਗੂਆਂ ਨੂੰ ਫੜ ਕੇ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਲਿਆ ਕੇ ਬੰਦ ਕਰ ਦਿੱਤਾ।
ਜਾਣਕਾਰੀ ਅਨੁਸਾਰ ਭਗਵੰਤ ਮਾਨ ਅਤੇ ਸਾਥੀ ਵਿਧਾਇਕ ਅਤੇ ਹੋਰ ਪਾਰਟੀ ਆਗੂ ਅਤੇ ਸਰਗਰਮ ਵਾਲੰਟੀਅਰ ਅੱਜ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵੱਲ ਕੂਚ ਕਰ ਰਹੇ ਸੀ ਕਿ ਡੀਐਸਪੀ ਅਮਰੋਜ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਪਹਿਲਾਂ ਹੀ ਉਨ੍ਹਾਂ ਦਾ ਰਾਹ ਰੋਕ ਲਿਆ। ਜਿਸ ਕਾਰਨ ਭਗਵੰਤ ਮਾਨ ਅਤੇ ਬਾਕੀ ਵਿਧਾਇਕ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਰਾਜ ਲਾਲੀ ਗਿੱਲ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰੀਸ਼ ਕੌਸ਼ਲ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਅਤੇ ਹੋਰ ਉੱਥੇ ਹੀ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ ਅਤੇ ਕੈਪਟਨ ਸਾਹਿਬ ਬਾਹਰ ਆਓ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮਗਰੋਂ ਭਗਵੰਤ ਮਾਨ ਸਣੇ ਸਾਰੇ ਵਿਧਾਇਕ ਅਤੇ ਇਲਾਕੇ ਦੇ ਸੀਨੀਅਰ ਆਗੂਆਂ ਨੂੰ ਫੜ ਕੇ ਇੱਥੋਂ ਦੇ ਫੇਜ਼-1 ਥਾਣੇ ਵਿੱਚ ਲਿਆ ਕੇ ਬੰਦ ਕਰ ਦਿੱਤਾ। ਇੱਥੇ ਵੀ ਆਪ ਵਾਲੰਟੀਅਰਾਂ ਨੇ ਨਾਅਰੇਬਾਜ਼ੀ ਕਰਦਿਆਂ ਥਾਣੇ ਨੂੰ ਗੰੂਜਾਂ ਕੇ ਰੱਖ ਦਿੱਤਾ।
ਮੁਹਾਲੀ ਵਿੱਚ ਥਾਣੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਅਤੇ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਭੁੱਖ, ਕਰੋਨਾ ਬਿਮਾਰੀ ਨਾਲ ਮਰ ਰਹੇ ਸੀ ਅਤੇ ਹੁਣ ਨਕਲੀ ਸ਼ਰਾਬ ਨੇ ਲੋਕਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਰੱਖੜੀ ਮੌਕੇ ਭੈਣਾਂ ਨੂੰ ਆਪਣੇ ਭਰਾਵਾਂ ਦੀ ਸਲਾਮਤੀ ਲਈ ਖ਼ੁਸ਼ੀ ਦੇ ਗੀਤ ਗਾਉਣ ਦੀ ਥਾਂ ਵੈਣ ਪਾਉਂਦੇ ਦੇਖ ਕੇ ਹਿਰਦਾ ਵਲੂੰਧਰਿਆਂ ਗਿਆ ਹੈ ਪ੍ਰੰਤੂ ਮੁੱਖ ਮੰਤਰੀ ਗੂੜ੍ਹੀ ਨੀਂਦ ਵਿੱਚ ਸੁੱਤੇ ਪਏ ਹਨ। ਸ੍ਰੀ ਮਾਨ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੇ ਨਕਲੀ ਸ਼ਰਾਬ ਦੇ ਧੰਦੇ ਨਾਲ ਭਾਵੇਂ ਹੁਕਮਰਾਨਾਂ ਨੇ ਆਪਣੀਆਂ ਤਿਜੌਰੀਆਂ ਤਾਂ ਭਰ ਲਈਆਂ ਪ੍ਰੰਤੂ ਸੈਂਕੜੇ ਲੋਕਾਂ ਦੇ ਘਰਾਂ ਦੇ ਚਰਾਗ ਬੁੱਝ ਗਏ। ਸਰਹੱਦੀ ਇਲਾਕੇ ਦੇ ਕਈ ਪਿੰਡਾਂ ਵਿੱਚ ਤਿੰਨ ਦਿਨਾਂ ਤੋਂ ਚੱੁਲ੍ਹਾ ਤੱਕ ਨਹੀਂ ਬਲਿਆ ਹੈ। ਉਨ੍ਹਾਂ ਕਿਹਾ ਕਿ ਮਾਝੇ ਦੀ ਧਰਤੀ ’ਤੇ ਲਾਸਾਂ ਵਿਛ ਗਈਆਂ ਹਨ ਅਤੇ ਚੁਫੇਰਿਓਂ ਕੀਰਨੇ ਪੈਣ ਦੀ ਆਵਾਜ਼ ਆ ਰਹੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਅੱਜ ਆਪਣੇ ਸਾਥੀ ਵਿਧਾਇਕਾਂ ਨਾਲ ਮੁੱਖ ਮੰਤਰੀ ਨੂੰ ਮਿਲ ਕੇ ਪੰਜਾਬ ਦੀ ਜ਼ਮੀਨੀ ਹਕੀਕਤ ਦੱਸਣ ਜਾ ਰਹੇ ਹਨ ਪ੍ਰੰਤੂ ਪੁਲੀਸ ਨੇ ਉਨ੍ਹਾਂ ਸਾਰਿਆਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਹਿੱਤ ਵਿੱਚ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਸੀ ਨਾ ਕਿ ਉੱਥੇ ਯੁੱਧ ਕਰਨ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਬੇਪ੍ਰਵਾਹ ਸਰਕਾਰ ਦੇ ਸ਼ਾਸਨ ਵਿੱਚ ਰਾਜ ਦੇ ਲੋਕ ਸੁਰੱਖਿਅਤ ਨਹੀਂ ਹਨ ਅਤੇ ਮੌਜੂਦਾ ਸਮੇਂ ਵਿੱਚ ਨਾਜਾਇਜ਼ ਸ਼ਰਾਬ ਅਤੇ ਰੇਤ ਮਾਫ਼ੀਆ ਸਮੇਤ ਹੋਰ ਕਈ ਤਰ੍ਹਾਂ ਦੇ ਨਾਜਾਇਜ਼ ਧੰਦਿਆਂ ਦੀ ਕਾਲਾ-ਬਾਜ਼ਾਰੀ ਵਧੀ ਹੈ। ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …