ਜ਼ਹਿਰੀਲੀ ਸ਼ਰਾਬ: ਭਾਜਪਾ ਵਰਕਰਾਂ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਠੀ ਬਾਹਰ ਦਿੱਤਾ ਧਰਨਾ

ਸਿਹਤ ਮੰਤਰੀ ਦੇ ਸਟਾਫ਼ ਨੇ ਭਾਜਪਾ ਵਰਕਰਾਂ ਤੋਂ ਮੰਗ ਪੱਤਰ ਲੈਣ ਤੋਂ ਕੋਰੀ ਨਾਂਹ, ਲੈਟਰ ਬਾਕਸ ਵਿੱਚ ਸੁੱਟਿਆ ਮੰਗ ਪੱਤਰ

ਸੀਬੀਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ: ਭਾਜਪਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਰਾਣਾ ਭਾਨੂ ਪ੍ਰਤਾਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਸੈਂਕੜੇ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਰਾਜਸੀ ਆਗੂਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇੱਥੋਂ ਦੇ ਫੇਜ਼-7 ਸਥਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਰਾਣਾ, ਸਾਬਕਾ ਕੌਂਸਲਰ ਅਰੁਣ ਸ਼ਰਮਾ, ਸ੍ਰੀਮਤੀ ਏਕਤਾ ਨਾਗਪਾਲ, ਸੰਜੀਵ ਗੋਇਲ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 120 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਚਾਰ ਚੁਫੇਰੇ ਕਿਰਨੇ ਪੈਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਪ੍ਰੰਤੂ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਹੁਕਮਰਾਨ ਪਾਰਟੀ ਦੇ ਆਗੂ ਸ਼ਰ੍ਹੇਆਮ ਘੁੰਮ ਰਹੇ ਹਨ ਅਤੇ ਮੁੱਖ ਮੰਤਰੀ ਵੀ ਅੱਜ ਆਪਣੇ ਮਹਿਲਾਂ ’ਚੋਂ ਬਾਹਰ ਨਿਕਲੇ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਤੈਅ ਤੱਕ ਜਾਣ ਲਈ ਸੀਬੀਆਈ ਨੂੰ ਜਾਂਚ ਸੌਂਪੀ ਜਾਵੇ ਜਾਂ ਹਾਈ ਕੋਰਟ ਦੇ ਮੌਜੂਦਾ ਸੀਨੀਅਰ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ।
ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਕਿ ਸਰਕਾਰ ਬਣਦੇ ਹੀ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ ਪ੍ਰੰਤੂ ਮੌਜੂਦਾ ਸਮੇਂ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਜ਼ਹਿਰੀਲੀ ਸ਼ਰਾਬ ਦਾ ਗੋਰਖਧੰਦਾ ਜ਼ੋਰਾਂ ਸ਼ੋਰਾਂ ’ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਖ਼ਤਮ ਕਰਨ ਦੀ ਥਾਂ ਮਨੁੱਖਤਾ ਨੂੰ ਹੀ ਖ਼ਤਮ ਕਰਨ ਦੇ ਰਾਹ ਪੈ ਗਈ ਹੈ। ਨਸ਼ਿਆਂ ਦੇ ਲੋਕਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਫੌਰੀ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਅਤੇ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਵਰਕਰਾਂ ਨੇ ਸ਼ਰਾਬ ਮਾਫ਼ੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਤੱਕ ਮੰਗ ਪੱਤਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਨੂੰ ਮੰਤਰੀ ਤਾਂ ਨਹੀਂ ਮਿਲੇ ਲੇਕਿਨ ਉੱਥੇ ਤਾਇਨਾਤ ਸਟਾਫ਼ ਨੇ ਭਾਜਪਾ ਵਰਕਰਾਂ ਤੋਂ ਮੰਗ ਪੱਤਰ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਮੰਤਰੀ ਦੀ ਕੋਝੀ ਦੇ ਗੇਟ ’ਤੇ ਬਣੇ ਲੈਟਰ ਬਾਕਸ ਵਿੱਚ ਮੰਗ ਪੱਤਰ ਪਾ ਦਿੱਤਾ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਸ਼ਰਮਾ, ਚੇਤਨ ਗਰੋਵਰ, ਦਲੀਪ ਸ਼ਰਮਾ, ਦਲੀਪ ਵਰਮਾ, ਮੰਡਲ ਪ੍ਰਧਾਨ ਅਨਿਲ ਕੁਮਾਰ ਗੱਡੂ, ਮਦਨ ਗੋਇਲ, ਮਨੋਜ ਰੋਹੀਲਾ, ਅਭਿਸ਼ੇਕ ਠਾਕਰ, ਮਨਦੀਪ ਕੌਰ, ਭੁਪਿੰਦਰ ਰਾਠੌਰ, ਸੰਜੂ ਰਾਣਾ, ਵਿਜੈ ਬੰਸਲ, ਅਵਨਿੰਦਰ ਸਿੰਘ, ਪਰਦੀਪ ਸਿੰਘ, ਰੋਸ਼ਨ ਲਾਲ ਸਮੇਤ ਹੋਰ ਯੁਵਾ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…