Nabaz-e-punjab.com

ਦੂਸ਼ਿਤ ਚਾਰਾ ਖਾਣ ਨਾਲ 35 ਦੁਧਾਰੂ ਪਸ਼ੂਆਂ ਦੀ ਮੌਤ, ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਹਾਲਤ ਗੰਭੀਰ

ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਦੂਸ਼ਿਤ ਚਾਰੇ ਦੇ ਸੈਂਪਲ ਲਏ, ਮ੍ਰਿਤਕ ਪਸ਼ੂਆਂ ਨੂੰ ਹੱਡਾ ਰੋਡੀ ਵਾਲੀ ਥਾਂ ਸੁੱਟਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਵਿੱਚ ਦੂਸ਼ਿਤ ਚਾਰਾ ਖਾਣ ਨਾਲ 35 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲੇ ਜਰਨੈਲ ਸਿੰਘ ਰਾਜੂ ਅਤੇ ਤਰਸੇਮ ਲਾਲ ਡੱਡੂ ਨੂੰ ਕਰੀਬ 50 ਲੱਖ ਰੁਪਏ ਦਾ ਵਿੱਤੀ ਘਾਟਾ ਪਿਆ ਹੈ। ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਿਮਾਰ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੀੜਤ ਵਿਅਕਤੀ ਇਲਾਕਾ ਨਿਵਾਸੀਆਂ ਦ ਸਲਾਹ ’ਤੇ ਦੇਸੀ ਨੁਕਸ਼ੇ ਵੀ ਵਰਤ ਰਹੇ ਹਨ। ਮੀਡੀਆ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਪਿੰਡ ਵਾਸੀ ਬਿਮਾਰ ਪਸ਼ੂਆਂ ਨੂੰ ਗਲੂਕੋਜ਼ ਚੜਾ ਰਹੇ ਸੀ ਅਤੇ ਮਿੱਠਾ ਸੋਡਾ ਘੋਲ ਕੇ ਦਿੱਤਾ ਜਾ ਰਿਹਾ ਸੀ। ਦੋਵੇਂ ਡੇਅਰੀ ਫਾਰਮਾਂ ਦੀ ਕੰਧ ਸਾਂਝੀ ਹੈ ਅਤੇ ਪੀੜਤਾਂ ਦਾ ਵੀ ਕਾਫੀ ਬੂਰਾ ਹਾਲ ਸੀ। ਉਹ ਦੋਵੇਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।
ਉਧਰ, ਸੂਚਨਾ ਮਿਲਦੇ ਹੀ ਮਹਿਲਾ ਪਟਵਾਰੀ ਡਾਕਟਰ ਸੋਨਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਬਿਮਾਰ ਪਸ਼ੂਆਂ ਦੇ ਇਲਾਜ ਦਾ ਜਾਇਜ਼ਾ ਲਿਆ ਅਤੇ ਪੀੜਤ ਵਿਅਕਤੀਆਂ ਅਤੇ ਪਿੰਡ ਵਾਸੀਆਂ ਤੋਂ ਮੁੱਢਲੀ ਜਾਣਕਾਰੀ ਹਾਸਲ ਕੀਤੀ। ਡਾ. ਸੋਨਮ ਨੇ ਦੱਸਿਆ ਕਿ ਉਹ ਆਪਣੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਤਹਿਸੀਲਦਾਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜਣਗੇ। ਉਂਜ ਉਨ੍ਹਾਂ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਵਿਅਕਤੀਆਂ ਨੂੰ ਭਵਿੱਖ ਵਿੱਚ ਆਪਣੇ ਪਸ਼ੂਆਂ ਨੂੰ ਵਧੀਆਂ ਚਾਰਾ ਅਤੇ ਸਾਵਧਾਨੀ ਵਰਤਨ ਦੀ ਸਲਾਹ ਵੀ ਦਿੱਤੀ।
ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਸ਼ੂਆਂ ਨੂੰ ਪਰੋਸਿਆ ਗਿਆ ਚਾਰਾ ਕਾਫੀ ਦੂਸ਼ਿਤ ਸੀ। ਜਿਸ ਕੋਠੇ ਵਿੱਚ ਇਹ ਚਾਰਾ ਰੱਖਿਆ ਹੋਇਆ ਸੀ, ਉੱਥੇ ਕਾਫੀ ਮੱਖੀਆਂ ਭਿਣਕ ਰਹੀਆਂ ਸਨ ਅਤੇ ਇਸ ਛੋਟੇ ਜਿਹੇ ਕੋਠੇ ਕਾਫੀ ਬਦਬੂ ਆ ਰਹੀ ਸੀ। ਪੀੜਤ ਤਰਸੇਮ ਲਾਲ ਡੱਡੂ ਅਤੇ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਕੋ ਬੰਦੇ ਤੋਂ ਚਾਰਾ ਮੰਗਵਾਉਂਦੇ ਹਨ। ਖ਼ਰੀਦੇ ਜਾਂਦੇ ਚਾਰੇ ਵਿੱਚ ਬਾਸੀ ਖਾਣਾ, ਹੋਟਲਾਂ ਅਤੇ ਰੈਸਟੋਰੈਂਟ ਦੀ ਰਹਿੰਦ ਖਹੂੰਦ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਇਹ ਵੀ ਰੋਜ਼ਾਨਾ ਵਾਂਗ ਪਸ਼ੂਆਂ ਨੂੰ ਪਹਿਲਾਂ ਦਿੱਤਾ ਜਾਂਦਾ ਖਾਣਾ ਪਰੋਸਿਆ ਗਿਆ ਸੀ ਲੇਕਿਨ ਵੀਰਵਾਰ ਨੂੰ ਸਵੇਰੇ ਤੜਕੇ ਜਦੋਂ ਧਾਰਾਂ ਕੱਢਣ ਲਈ ਉੱਠੇ ਤਾਂ ਦੇਖਿਆ ਕਿ ਕਾਫੀ ਦੁਧਾਰੂ ਪਸ਼ੂ ਮਰੇ ਹੋਏ ਸਨ ਅਤੇ ਫਾਰਮ ਵਿੱਚ ਖੜੇ ਲਗਭਗ ਸਾਰੇ ਪਸ਼ੂ ਬਿਮਾਰੀ ਨਾਲ ਤੜਫ਼ ਰਹੇ ਸੀ। ਉਨ੍ਹਾਂ ਨੇ ਤੁਰੰਤ ਵੈਟਰਨਰੀ ਡਾਕਟਰ ਨੂੰ ਇਲਾਜ ਦਿੱਤੀ ਤਾਂ ਪ੍ਰਾਈਵੇਟ ਅਤੇ ਸਰਕਾਰੀ ਡਾਕਟਰ ਉੱਥੇ ਪਹੁੰਚ ਗਏ। ਉਦੋਂ ਤੱਕ ਦੋਵਾਂ ਡੇਅਰੀ ਫਾਰਮਾਂ ਵਿੱਚ ਕਰੀਬ 35 ਪਸ਼ੂ ਮਰ ਚੁੱਕੇ ਸਨ। ਜਿਨ੍ਹਾਂ ’ਚ ਕਈ ਗਰਭਵਤੀ ਗਾਵਾਂ ਅਤੇ ਮੱਝਾਂ ਵੀ ਸ਼ਾਮਲ ਸਨ।
ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਡੇਅਰੀ ਫਾਰਮ ਵਿੱਚ 80 ਪਸ਼ੂ ਹਨ। ਜਿਨ੍ਹਾਂ ਵਿੱਚ 55 ਮੱਝਾਂ ਅਤੇ 25 ਗਾਵਾਂ ਹਨ। ਇਨ੍ਹਾਂ ’ਚੋਂ 12 ਮੱਝਾਂ ਅਤੇ ਤਿੰਨ ਗਾਵਾਂ ਅਤੇ 7 ਕੱਟਰੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ ਖਰੜ ਨੇੜਲੇ ਪਿੰਡ ਤੀੜਾ ਤੋਂ ਆਉਂਦਾ ਹੈ। ਇੰਝ ਹੀ ਤਰਸੇਮ ਲਾਲ ਨੇ ਦੱਸਿਆ ਕਿ ਉਸ ਦੇ ਫਾਰਮ ਵਿੱਚ 38 ਮੱਝਾਂ ਅਤੇ 14 ਗਾਵਾਂ ਹਨ। ਜਿਨ੍ਹਾਂ ’ਚੋਂ 18 ਮੱਝਾਂ ਅਤੇ 2 ਗਾਵਾਂ ਦੀ ਮੌਤ ਹੋ ਗਈ ਅਤੇ ਬਾਕੀ ਪਸ਼ੂਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਦੋਵੇਂ ਪੀੜਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ 5-5 ਕੁਇੰਟਲ ਦੁੱਧ ਸਪਲਾਈ ਕਰਦੇ ਸੀ। ਲੇਕਿਨ ਪਿਛਲੇ ਦੋ ਦਿਨਾਂ ਤੋਂ ਇਕ ਬੂੰਦ ਵੀ ਦੁੱਧ ਸਪਲਾਈ ਨਹੀਂ ਕੀਤਾ ਜਾ ਸਕਿਆ।
(ਬਾਕਸ ਆਈਟਮ)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਸ਼ੂਆਂ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਪੀੜਤਾਂ ਨਾਲ ਹਮਦਰਦੀ ਜਾਹਰ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਕਰਨ ਵਾਲੇ ਇਨ੍ਹਾਂ ਪੀੜਤਾਂ ਨੂੰ ਦੁਬਾਰਾ ਪੈਰਾਂ ’ਤੇ ਖੜਾ ਕਰਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਸ਼ੂਆਂ ਲਈ ਜਿੱਥੋਂ ਚਾਰਾ ਆਉਂਦਾ ਜਾਂ ਜਿਹੜੇ ਲੋਕ ਪਸ਼ੂਆਂ ਲਈ ਚਾਰਾ ਮੁਹੱਈਆ ਕਰਦੇ ਸੀ। ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਲਾਕੇ ਵਿੱਚ ਹੋਰਨਾਂ ਡੇਅਰੀ ਫਾਰਮਾਂ ਦੇ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…