Share on Facebook Share on Twitter Share on Google+ Share on Pinterest Share on Linkedin ਪਤੰਜਲੀ ਗਾਂ ਦਾ ਨਕਲੀ ਘੀ ਵੇਚਣ ਵਾਲੇ ਚਾਰ ਵਿਅਕਤੀਆਂ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ ਮਟੌਰ ਦੇ ਤਿੰਨ ਵੱਡੇ ਦੁਕਾਨਦਾਰ ਤੇ ਇੱਕ ਸਪਲਾਇਰ ਗ੍ਰਿਫ਼ਤਾਰ, ਸੈਂਕੜੇ ਲੀਟਰ ਨਕਲੀ ਘੀ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ: ਮੁਹਾਲੀ ਪੁਲੀਸ ਨੇ ਇੱਥੋਂ ਦੇ ਸੈਕਟਰ-70 (ਮਟੌਰ) ਦੀਆਂ ਤਿੰਨ ਵੱਡੀਆਂ ਦੁਕਾਨਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਉੱਥੋਂ ਸੈਂਕੜੇ ਲੀਟਰ ਪਤੰਜਲੀ ਗਾਂ ਦਾ ਨਕਲੀ ਘੀ ਬਰਾਮਦ ਕੀਤਾ ਹੈ, ਪਤੰਜਲੀ ਦੇ ਮਾਰਕੇ ਵਾਲੇ ਦਾ ਇਹ ਘੀ ਖਤਰਨਾਕ ਕੈਮੀਕਲਾਂ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੈ। ਇਸ ਸਬੰਧੀ ਪੁਲੀਸ ਵੱਲੋਂ ਸਪੀਡ ਨੈਟਵਰਕ ਚੰਡੀਗੜ੍ਹ ਦੇ ਆਪਰੇਸ਼ਨ ਮੈਨੇਜਰ ਚੰਦਰ ਸ਼ੇਖਰ ਦੀ ਸ਼ਿਕਾਇਤ ’ਤੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਨਕਲੀ ਘੀ ਸਪਲਾਈ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਪੀ-ਰਾਈਟ ਐਕਟ 1953 ਦੀ ਧਾਰਾ 63 ਅਤੇ 65 ਦੇ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਸਪੀਡ ਨੈੱਟਵਰਕ ਕੰਪਨੀ ਚੰਡੀਗੜ੍ਹ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਪਤੰਜਲੀ ਵੱਲੋਂ ਅਧਿਕਾਰ ਦਿੱਤੇ ਗਏ ਹਨ ਕਿ ਉਸਦੇ ਬ੍ਰਾਂਡ ਨਾਮ ਤੇ ਵਿਕਦੇ ਨਕਲੀ ਸਾਮਾਨ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਕਾਰਵਾਈ ਕਰਵਾਉਣ। ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਜਾਣਕਾਰੀ ਹਾਸਲ ਹੋਈ ਸੀ ਕਿ ਮਟੌਰ ਵਿੱਚ ਤਿੰਨ ਵੱਡੇ ਦੁਕਾਨਦਾਰਾਂ ਵੱਲੋਂ ਪਤੰਜਲੀ ਗਾਂ ਦੇ ਸ਼ੁੱਧ ਘੀ ਦੀ ਆੜ ਵਿੱਚ ਨਕਲੀ ਘੀ ਵੇਚਿਆ ਜਾ ਰਿਹਾ ਹੈ, ਇਹ ਨਕਲੀ ਘੀ ਆਕਾਸ਼ ਕੁਮਾਰ ਵਾਸੀ ਮਟੌਰ ਵੱਲੋਂ ਹੀ ਅੱਗੇ ਸਪਲਾਈ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਮੁਹਾਲੀ ਦੇ ਐਸਐਸਪੀ ਹਰਜੀਤ ਸਿੰਘ ਨੂੰ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਐਸਐਸਪੀ ਨੇ ਪੁਲੀਸ ਨੂੰ ਤੁਰੰਤ ਕਾਰਵਾਈ ਦੀ ਹਦਾਇਤ ਦਿੱਤੀ ਗਈ ਅਤੇ ਥਾਣਾ ਮਟੌਰ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਛਾਪੇਮਾਰੀ ਕਰਕੇ ਉਕਤ ਦੁਕਾਨਾਂ ਤੋਂ ਵੱਡੀ ਮਾਤਰਾ ਵਿੱਚ ਨਕਲੀ ਘੀ ਦੇ ਪੈਕੇਟ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੁਕਾਨਕਾਰਾਂ ਸੰਦੀਪ ਕੁਮਾਰ, ਤਰਨਜੀਤ ਸਿੰਘ, ਵਿਜੈ ਕੁਮਾਰ ਅਤੇ ਸਪਲਾਇਰ ਆਕਾਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਆਕਾਸ਼ ਕੁਮਾਰ ਵੱਲੋਂ ਇਹ ਘੀ ਸਪਲਾਈ ਕੀਤਾ ਗਿਆ ਸੀ, ਜੋ ਡਾਬਰ ਕੰਪਨੀ ਵਿੱਚ ਕੰਮ ਕਰਦਾ ਹੈ। ਇਸੇ ਆੜ ਵਿੱਚ ਦੁਕਾਨਦਾਰਾਂ ਨੂੰ ਨਕਲੀ ਸਾਮਾਨ ਸਪਲਾਈ ਕਰ ਰਿਹਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ