Nabaz-e-punjab.com

ਪੰਜਾਬ ਪੁਲੀਸ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ’ਚ ਦੂਜਾ ਭਗੌੜਾ ਸ਼ੂਟਰ ਗ੍ਰਿਫ਼ਤਾਰ

ਮੁਲਜ਼ਮ ਨੂੰ ਦੁਬਈ ਦੀ ਉਡਾਣ ਫੜਨ ਤੋਂ ਕੁਝ ਸਮਾਂ ਪਹਿਲਾਂ ਮੁੰਬਈ ਹਵਾਈ ਅੱਡੇ ਤੋਂ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲੀਸ ਨੇ ਪਿਛਲੇ ਸਾਲ 16 ਅਕਤੂਬਰ ਵਾਲੇ ਦਿਨ ਕਾਮਰੇਡ ਬਲਵਿੰਦਰ ਸਿੰਘ ਦੀ ਸਨਸਨੀਖੇਜ਼ ਹੱਤਿਆ ਮਾਮਲੇ ਵਿੱਚ ਸ਼ਾਮਲ ਦੂਜੇ ਸ਼ੂਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਨੂੰ ਦੁਬਈ ਦੀ ਉਡਾਣ ਫੜਨ ਤੋਂ ਕੁਝ ਘੰਟੇ ਪਹਿਲਾਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਇੰਦਰਜੀਤ ਨੇ ਗੁਰਜੀਤ ਸਿੰਘ ਉਰਫ਼ ਭਾਅ ਦੇ ਨਾਲ ਮਿਲ ਕੇ ਕਾਮਰੇਡ ਬਲਵਿੰਦਰ ਸਿੰਘ ਨੂੰ ਭਿਖੀਵਿੰਡ, ਤਰਨਤਾਰਨ ਵਿਖੇ ਉਸਦੀ ਰਿਹਾਇਸ਼ ਕਮ ਸਕੂਲ ਵਿੱਚ ਗੋਲੀ ਮਾਰ ਦਿੱਤੀ ਸੀ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਗੁਰਜੀਤ ਸਿੰਘ ਨੂੰ ਬੀਤੀ 7 ਦਸੰਬਰ ਨੂੰ ਦਿੱਲੀ ਪੁਲੀਸ ਨੇ ਉਸਦੇ ਸਾਥੀ ਸੁਖਜੀਤ ਸਿੰਘ ਉਰਫ਼ ਬੁੜਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਗੁਰਜੀਤ ਅਤੇ ਇੰਦਰਜੀਤ ਸਿੰਘ ਨੇ ਗੋਲੀਬਾਰੀ ਕੀਤੀ ਤਾਂ ਉਸ ਵੇਲੇ ਸੁਖਜੀਤ ਘਟਨਾ ਸਥਾਨ ਤੋਂ ਥੋੜੀ ਦੂਰੀ ’ਤੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੱੁਢਲੀ ਪੁੱਛਗਿੱਛ ਦੌਰਾਨ ਇੰਦਰਜੀਤ ਨੇ ਖੁਲਾਸਾ ਕੀਤਾ ਕਿ ਦੋ ਵਿਦੇਸ਼ੀ ਖਾਲਿਸਤਾਨੀ ਕਾਰਕੁਨਾਂ ਨੇ ਉਸ ਦੀਆਂ ਕੱਟੜਪੰਥੀ ਪੋਸਟਾਂ ਕਾਰਨ ਮਾਰਚ 2020 ਵਿੱਚ ਉਸ ਨਾਲ ਫੇਸਬੁੱਕ ਉੱਤੇ ਸੰਪਰਕ ਕੀਤਾ ਸੀ। ਉਸਨੇ ਕਬੂਲ ਕੀਤਾ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਨੂੰ ਅੰਜ਼ਾਮ ਦੇਣ ਲਈ ਇਨਾਂ ਖ਼ਾਲਿਸਤਾਨੀ ਕਾਰਕੁਨਾਂ ਨੇ ਉਸਨੂੰ ਪ੍ਰੇਰਿਤ ਕੀਤਾ ਸੀ।
ਪੁਲੀਸ ਅਨੁਸਾਰ ਮੁਲਜ਼ਮ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਸ ਦੇ ਦੋ ਵਿਦੇਸ਼ੀ ਸੰਚਾਲਕਾਂ ’ਚੋਂ ਕੈਨੇਡਾ ਵਾਸੀ ਸੰਨੀ ਨੇ ਪਹਿਲਾਂ ਉਸ ਨੂੰ ਕਾਮਰੇਡ ਬਲਵਿੰਦਰ ਸਿੰਘ ਦੀ ਰਿਹਾਇਸ਼ ਦਾ ਪਤਾ ਲਗਾਉੁਣ ਅਤੇ ਬਾਅਦ ਵਿਚ ਭਗੌੜੇ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਉਸਦੇ ਸੰਪਰਕ ਵਿਚ ਮਦਦ ਕਰਨ ਦਾ ਜ਼ਿੰਮਾ ਸੌਂਪਿਆ ਸੀ ਤਾਂ ਜੋ ਉਹ ਆਪਣੀ ਯੋਜਨਾ ਨੂੰ ਅੰਜ਼ਾਮ ਦੇ ਸਕਣ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਨੀ ਨੇ ਇੰਦਰਜੀਤ ਅਤੇ ਉਸਦੇ ਸਾਥੀਆਂ ਨੂੰ ਵਿੱਤੀ ਅਤੇ ਲੌਜਿਸਟਿਕ ਸਹਾਇਤਾ ਦਿੱਤੀ ਸੀ। ਡੀਜੀਪੀ ਨੇ ਦੱਸਿਆ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਇਹ ਤਿੰਨੇ ਵਿਅਕਤੀ ਪੰਜਾਬ ਤੋਂ ਫਰਾਰ ਹੋ ਗਏ ਅਤੇ ਵੱਖ-ਵੱਖ ਟਿਕਾਣਿਆਂ ‘ਤੇ ਚਲੇ ਗਏ। ਉਨਾਂ ਦੱਸਿਆ ਕਿ ਗੁਰਜੀਤ ਅਤੇ ਸੁਖਜੀਤ ਨੂੰ ਦਿੱਲੀ ਪੁਲਿਸ ਨੇ ਦਸੰਬਰ ਵਿਚ ਕਾਬੂ ਕਰ ਲਿਆ ਜਦਕਿ ਇੰਦਰਜੀਤ ਫਰਾਰ ਰਿਹਾ ਜਿਸਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਵਾਂ ‘ਤੇ ਪਨਾਹ ਲਈ।
ਸ੍ਰੀ ਗੁਪਤਾ ਨੇ ਦੱਸਿਆ ਕਿ ਉਸਦੀ ਭਾਲ ਵਿੱਚ ਲੱਗੀ ਤਰਨਤਾਰਨ ਪੁਲੀਸ ਦੀ ਜਾਂਚ ਟੀਮ ਨੂੰ ਸੂਹ ਮਿਲੀ ਕਿ ਇੰਦਰਜੀਤ ਵਿਦੇਸ਼ ਨੂੰ ਫਰਾਰ ਹੋਣ ਲਈ ਮੁੰਬਈ ਜਾ ਰਿਹਾ ਹੈ। ਇੰਦਰਜੀਤ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੂੰ ਸੰਨੀ ਨੇ 25 ਜਨਵਰੀ ਨੂੰ ਮੁੰਬਈ ਬੁਲਾਇਆ ਸੀ ਜਿਸਨੇ ਉਸਦੇ ਈ-ਵੀਜ਼ਾ ਅਤੇ ਦੁਬਈ ਜਾਣ ਲਈ ਟਿਕਟ ਦਾ ਪ੍ਰਬੰਧ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 31 ਅਕਤੂਬਰ ਅਤੇ 1 ਨਵੰਬਰ ਨੂੰ ਗੁਰਦਾਸਪੁਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਉਰਫ਼ ਸੁੱਖਾ ਅਤੇ ਰਵਿੰਦਰ ਸਿੰਘ ਉਰਫ਼ ਗਿਆਨ ਅਤੇ ਲੁਧਿਆਣਾ ਦੇ ਅਕਾਸ਼ਦੀਪ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲੀਬਾਰੀ ਮਾਮਲੇ ਵਿੱਚ ਗੁਰਜੀਤ ਅਤੇ ਸੁਖਜੀਤ ਦੀ ਸ਼ਮੂਲੀਅਤ ਤੋਂ ਪਰਦਾ ਉੱਠਿਆ।ਇਨਾਂ ਦੋਵਾਂ ਨੇ ਸੁਖਮੀਤ ਪਾਲ ਸਿੰਘ ਉਰਫ਼ ਸੁਖ ਦੇ ਨਾਮ ਦਾ ਵੀ ਖੁਲਾਸਾ ਕੀਤਾ ਜਿਸ ਨੇ ਇਸ ਯੋਜਨਾ ਅਤੇ ਹੱਤਿਆ ਨੂੰ ਅੰਜ਼ਾਮ ਦੇਣ ਲਈ ਉਨਾਂ ਦੀ ਸਹਾਇਤਾ ਕੀਤੀ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਖੁਲਾਸਿਆਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਨੂੰ ਮਾਰਨ ਦੀ ਪੂਰੀ ਸਾਜਿਸ਼ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈਐਸਵਾਈਐਫ਼ ਦੇ ਪਾਕਿਸਤਾਨ ਅਧਾਰਤ ਸਵੈ-ਘੋਸ਼ਿਤ ਚੀਫ਼ ਲਖਵੀਰ ਸਿੰਘ ਰੋਡੇ ਅਤੇ ਉਸ ਦੇ ਪਾਕਿ ਅਧਾਰਤ ਆਈਐਸਆਈ ਸੰਚਾਲਕਾਂ ਵੱਲੋਂ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਰੋਡੇ ਨੇ ਸੁਖ ਸੁਖਮੀਤ ਪਾਲ ਅਤੇ ਸੰਨੀ ਨੂੰ ਹੱਤਿਆ ਦੀ ਜ਼ਿੰਮੇਵਾਰੀ ਦਿੱਤੀ ਸੀ।
ਇਤਫਾਕਨ ਫਰਜ਼ੀ ਪਾਸਪੋਰਟ ’ਤੇ ਦੁਬਈ ਵਿੱਚ ਰਹਿ ਰਹੇ ਸੁਖਮੀਤ ਨੂੰ ਦੁਬਈ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ ਅਤੇ ਬਾਅਦ ਵਿਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਇੱਥੇ ਆਉਣ ‘ਤੇ ਦਿੱਲੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਕਿਉਂਕਿ ਐਨਆਈਏ ਵੱਲੋਂ ਇਸ ਕੇਸ ਵਿੱਚ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕੇਸ ਦੇ ਤਬਾਦਲੇ ਦੀ ਰਸਮੀ ਕਾਰਵਾਈ ਪੂਰੀ ਹੋਣ ਉਪਰੰਤ ਇੰਦਰਜੀਤ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…