Share on Facebook Share on Twitter Share on Google+ Share on Pinterest Share on Linkedin ਝੂਠਾ ਪੁਲੀਸ ਮਾਮਲਾ: ਮੁਹਾਲੀ ਦੀ ਸੀਬੀਆਈ ਅਦਾਲਤ ਵੱਲੋਂ ਤਤਕਾਲੀ ਐਸਐਚਓ ਨੂੰ ਉਮਰ ਕੈਦ ਨੇਕ ਚਾਲ ਚੱਲਣੀ ’ਤੇ ਸਾਬਕਾ ਡੀਐਸਪੀ, ਸਬ ਇੰਸਪੈਕਟਰ ਨੂੰ 20-20 ਹਜ਼ਾਰ ਦੇ ਮੁਚੱਲਕੇ ’ਤੇ ਛੱਡਿਆ ਸਬੂਤਾਂ ਦੀ ਘਾਟ ਕਾਰਨ ਸੇਵਾਮੁਕਤ ਡੀਐਸਪੀ, ਹੌਲਦਾਰ ਤੇ ਇੱਕ ਸਿਪਾਹੀ ਨੂੰ ਕੀਤਾ ਬਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ: ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 26 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਰੂਪਨਗਰ ਸਦਰ ਥਾਣਾ ਦੇ ਤਤਕਾਲੀ ਐਸਐਚਓ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਅਤੇ 5 ਲੱਖ ਰੁਪਏ ਜੁਰਮਾਨਾ ਜਦਕਿ ਜ਼ੁਰਮਾਨੇ ਦੀ ਰਕਮ ’ਚੋਂ 2-2 ਲੱਖ ਰੁਪਏ ਮ੍ਰਿਤਕ ਦੇ ਪਰਿਵਾਰਾਂ ਨੂੰ ਬਤੌਰ ਹਰਜ਼ਾਨੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ। ਅੱਜ ਇਸ ਕੇਸ ਦੀ ਸੁਣਵਾਈ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਹੋਈ। ਥਾਣਾ ਮੁਖੀ ’ਤੇ ਫਰਵਰੀ 1993 ਵਿੱਚ ਗੁਰਮੇਲ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਅਤੇ ਕੁਲਦੀਪ ਸਿੰਘ ਵਾਸੀ ਲੋਧੀ ਮਾਜਰਾ ਜ਼ਿਲ੍ਹਾ ਰੂਪਨਗਰ ਦਾ ਝੂਠੇ ਪੁਲੀਸ ਮੁਕਾਬਲੇ ਵਿੱਚ ਹੱਤਿਆ ਕਰਨ ਦਾ ਦੋਸ਼ ਹੈ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਸੇਵਾਮੁਕਤ ਡੀਐਸਪੀ ਅਵਤਾਰ ਸਿੰਘ ਅਤੇ ਸਬ ਇੰਸਪੈਕਟਰ ਬਚਨ ਦਾਸ ਨੂੰ ਇੱਕ ਸਾਲ ਦੀ ਨੇਕ ਚਾਲ ਚੱਲਣੀ ਦੀ ਸ਼ਰਤ ’ਤੇ 20-20 ਹਜ਼ਾਰ ਰੁਪਏ ਦੇ ਮੁਚੱਲਕੇ ਭਰਵਾ ਕੇ ਰਿਹਾਅ ਕਰ ਦਿੱਤਾ ਜਦਕਿ ਸੇਵਾਮੁਕਤ ਡੀਐਸਪੀ ਜਸਪਾਲ ਸਿੰਘ, ਹੌਲਦਾਰ ਹਰਜੀ ਰਾਮ ਅਤੇ ਸਿਪਾਹੀ ਕਰਨੈਲ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕੀਤਾ ਗਿਆ ਹੈ। ਇਸ ਕੇਸ ਦੀ ਪੈਰਵਾਈ ਸੀਬੀਆਈ ਦੇ ਵਕੀਲ ਗੁਰਵਿੰਦਰਜੀਤ ਸਿੰਘ ਅਤੇ ਸ਼ਿਕਾਇਤਕਰਤਾ ਧਿਰ ਵੱਲੋਂ ਸੀਨੀਅਰ ਵਕੀਲ ਆਰ.ਐਸ. ਬੈਂਸ, ਪੁਸ਼ਪਿੰਦਰ ਸਿੰਘ ਨੱਤਾ ਅਤੇ ਸਤਨਾਮ ਸਿੰਘ ਬੈਂਸ ਕਰ ਰਹੇ ਸਨ। ਅੱਜ ਸ਼ਾਮੀ ਇਹ ਜਾਣਕਾਰੀ ਦਿੰਦਿਆਂ ਵਕੀਲ ਪੁਸ਼ਪਿੰਦਰ ਸਿੰਘ ਨੱਤ ਅਤੇ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਦਸੰਬਰ 1992 ਵਿੱਚ ਗੁਰਮੇਲ ਸਿੰਘ ਦੀ ਮਾਂ ਤੇਜ ਕੌਰ, ਪਤਨੀ ਸੁਖਵਿੰਦਰ ਕੌਰ ਪਤਨੀ, ਪਿਤਾ ਹਰੀ ਸਿੰਘ ਅਤੇ ਭਰਾ ਗੁਰਦੇਵ ਸਿੰਘ ਨੂੰ ਘਰੋਂ ਜਬਰੀ ਚੁੱਕਿਆ ਅਤੇ ਅੰਨਾ ਤਸ਼ੱਦਦ ਕੀਤਾ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਗੁਰਮੇਲ ਸਿੰਘ ਨੇ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ। ਗੁਰਮੇਲ ਸਿੰਘ ਦੇ ਆਤਮ ਸਮਰਪਣ ਕਰਨ ਉਪਰੰਤ ਪੁਲਿਸ ਨੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਇੱਕ ਕਰ ਕੇ ਛੱਡ ਦਿੱਤਾ। ਇਸ ਦੌਰਾਨ ਜਨਵਰੀ 1993 ਨੂੰ ਰੋਪੜ ਪੁਲਿਸ ਨੇ ਕੁਲਦੀਪ ਸਿੰਘ ਨੂੰ ਉਸ ਦੇ ਘਰੋਂ ਸਵੇਰੇ ਤੜਕੇ 4 ਵਜੇ ਦੇ ਕਰੀਬ ਚੁੱਕ ਲਿਆ। ਪਰਿਵਾਰ ਵੱਲੋਂ ਬਾਰ ਬਾਰ ਪੁਲਿਸ ਦੇ ਹਾੜੇ ਕੱਢੇ ਗਏ ਕਿ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ, ਪ੍ਰੰਤੂ ਪੁਲਿਸ ਨਹੀਂ ਛੱਡਿਆ ਅਤੇ ਪੁਲੀਸ ਨੇ ਇੱਕ ਕਹਾਣੀ ਬਣਾਈ ਕਿ ਉਨ੍ਹਾਂ ਵੱਲੋਂ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਜਦੋਂ ਅਸਲਾ ਬਰਾਮਦ ਕਰਨ ਲਈ ਰੋਪੜ ਦੀ ਇੱਕ ਨਹਿਰ ਦੇ ਨਜ਼ਦੀਕ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਕਿਸੇ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਅਤੇ ਦੁਵੱਲੀ ਫਾਇਰਿੰਗ ਵਿੱਚ ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਅਣਪਛਾਤੀ ਲਾਸ਼ ਦੱਸ ਕੇ ਸੰਸਕਾਰ ਕਰ ਦਿੱਤਾ, ਜਦੋਂ ਕਿ ਪੁਲਿਸ ਰਿਕਾਰਡ ਵਿੱਚ ਉਨ੍ਹਾਂ ਦੇ ਨਾਮ ਮੌਜੂਦ ਸਨ। ਵਕੀਲਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਦੀਆਂ ਲਾਸ਼ਾਂ ਨੂੰ ਕਾਨੂੰਨ ਮੁਤਾਬਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣਾ ਚਾਹੀਦਾ ਸੀ। ਪੁਲਿਸ ਦੀ ਕਹਾਣੀ ਮੁਤਾਬਕ ਮੱੁਠਭੇੜ ਦੌਰਾਨ 160 ਦੇ ਕਰੀਬ ਕਾਰਤੂਸ ਚੱਲੇ ਸਨ, ਜਦੋਂ ਕਿ ਪੁਲੀਸ ਇਨ੍ਹਾਂ ਕਾਰਤੂਸਾਂ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੀ। ਇੰਨਾ ਹੀ ਨਹੀਂ ਦੁਵੱਲੀ ਹੋਈ ਮੱੁਠਭੇੜ ’ਚ ਨਾ ਤਾਂ ਕਿਸੇ ਪੁਲਿਸ ਕਰਮਚਾਰੀ ਨੂੰ ਕੋਈ ਗੋਲੀ ਲੱਗੀ ਅਤੇ ਨਾ ਹੀ ਪੁਲਿਸ ਗੱਡੀ ਨੂੰ ਕੋਈ ਨੁਕਸਾਨ ਪਹੁੰਚਿਆ। ਉਧਰ, ਦੋਵਾਂ ਮ੍ਰਿਤਕਾਂ ਦੀਆਂ ਪਤਨੀਆਂ ਵੱਲੋਂ ਪੁਲੀਸ ਦੇ ਉੱਚ ਅਫ਼ਸਰਾਂ ਤੱਕ ਪਹੁੰਚ ਕੀਤੀ ਗਈ ਪ੍ਰੰਤੂ ਉਸ ਦੀ ਕਿਸੇ ਨੇ ਨਹੀਂ ਸੁਣੀ। ਆਖ਼ਰਕਾਰ ਪਰਿਵਾਰ ਹਾਈ ਕੋਰਟ ਵਿੱਚ ਗਿਆ ਅਤੇ ਹਾਈਕੋਰਟ ਦੇ ਹੁਕਮਾਂ ਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸੀਬੀਆਈ ਵੱਲੋਂ ਇਸ ਮਾਮਲੇ ’ਚ ਕਈ ਅਹਿਮ ਸਬੂਤ ਇਕੱਠੇ ਕੀਤੇ ਗਏ ਅਤੇ ਜਾਂਚ ਵਿੱਚ ਪਾਇਆ ਕਿ ਪੁਲੀਸ ਵੱਲੋਂ ਫਰਜੀ ਮੁਕਾਬਲਾ ਬਣਾਇਆ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ