nabaz-e-punjab.com

ਰਿਸ਼ਵਤਖੋਰੀ ਦੇ ਮਾਮਲੇ ਵਿੱਚ ਥਾਣੇਦਾਰ ਲਾਈਨ ਹਾਜ਼ਰ, ਪੁਲੀਸ ਮੁਖੀ ਨੇ ਡੀਐਸਪੀ ਸਿਟੀ-2 ਨੂੰ ਸੌਂਪੀ ਮਾਮਲੇ ਦੀ ਜਾਂਚ

ਪੀੜਤ ਐਨਆਰਆਈ ਨੇ ਪੁਲੀਸ ਵਧੀਕੀਆਂ ਤੋਂ ਤੰਗ ਆ ਕੇ ਖ਼ੁਦ ਹੀ ਕੀਤਾ ਸਟਿੰਗ ਅਪਰੇਸ਼ਨ

ਐਨਆਰਆਈ ਨੇ ਵੀਡਿਓ ਬਣਾ ਕੇ ਡੀਜੀਪੀ ਤੇ ਐਸਐਸਪੀ ਤੇ ਵਿਜੀਲੈਂਸ ਬਿਊਰੋ ਨੂੰ ਭੇਜੀ, ਥਾਣੇਦਾਰ ਵਿਰੁੱਧ ਵਿਭਾਂਗੀ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਇੱਥੋਂ ਦੇ ਸੋਹਾਣਾ ਥਾਣੇ ਵਿੱਚ ਤਾਇਨਾਤ ਏਐਸਆਈ ਅਵਤਾਰ ਸਿੰਘ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਲਾਈਨ ਹਾਜ਼ਰ ਕੀਤਾ ਗਿਆ ਹੈ। ਥਾਣੇਦਾਰ ’ਤੇ ਇੱਕ ਪਰਵਾਸੀ ਭਾਰਤੀ ਤੋਂ ਕਿਸੇ ਪੁਰਾਣੇ ਕੇਸ ਨੂੰ ਰਫ਼ਾ ਦਫ਼ਾ ਕਰਨ ਲਈ 5 ਹਜ਼ਾਰ ਰੁਪਏ ਮੰਗਣ ਦਾ ਦੋਸ਼ ਹੈ। ਇਸ ਗੱਲ ਦੀ ਪੁਸ਼ਟੀ ਦੇਰ ਸ਼ਾਮੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਰਦਿਆਂ ਕਿਹਾ ਕਿ ਏਐਸਆਈ ਅਵਤਾਰ ਨੂੰ ਲਾਈਨ ਹਾਜ਼ਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਖੀ ਨੇ ਮਾਮਲੇ ਦੀ ਜਾਂਚ ਮੁਹਾਲੀ ਦੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੂੰ ਸੌਂਪੀ ਹੈ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੀੜਤ ਐਨਆਰਆਈ ਨੇ ਬੜੀ ਚਲਾਕੀ ਨਾਲ ਖ਼ੁਦ ਹੀ ਥਾਣੇਦਾਰ ਨੂੰ ਪੈਸੇ ਦੇਣ ਦਾ ਸਟਿੰਗ ਅਪਰੇਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਸਟਿੰਗ ਅਪਰੇਸ਼ਨ ਦੀ ਵੀਡਿਓ ਪੰਜਾਬ ਦੇ ਡੀਜੀਪੀ, ਜ਼ਿਲ੍ਹਾ ਪੁਲੀਸ ਮੁਖੀ ਅਤੇ ਵਿਜੀਲੈਂਸ ਬਿਊਰੋ ਨੂੰ ਭੇਜ ਕੇ ਥਾਣੇਦਾਰ ਵਿਰੁੱਧ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਕੈਨੇਡਾ ਵਾਸੀ ਪਰਮਜੀਤ ਸਿੰਘ ਨੇ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕੈਨੇਡਾ ਵਿੱਚ ਰਿਹਾ ਹੈ। ਉਸ ਦਾ ਇੱਥੋਂ ਦੇ ਸੈਕਟਰ-77 ਵਿੱਚ ਮਕਾਨ ਹੈ। ਉਸ ਨੇ ਆਪਣੇ ਆਪਣੇ ਸਾਲੇ ਸਤਵਿੰਦਰ ਸਿੰਘ ਦੇ ਨਾਂਅ ਮਕਾਨ ਦੀ ਪਾਵਰ ਆਫ਼ ਅਟਾਰਨੀ ਕਰਵਾਈ ਸੀ। ਪਿੰਡ ਬਲਾਚੌਰ ਵਿੱਚ ਉਨ੍ਹਾਂ ਦਾ ਪਰਿਵਾਰ ਰਹਿੰਦਾ ਸੀ। ਉਸ ਦਾ ਭਰਾ ਵੀ ਪਿਛਲੇ ਕਈ ਸਾਲਾਂ ਤੋਂ ਯੂ.ਕੇ ਵਿੱਚ ਰਹਿ ਰਿਹਾ ਹੈ। ਸਤਾਰਾਂ ਸਾਲ ਪਹਿਲਾਂ ਉਨ੍ਹਾਂ ਦੀ ਮਾਤਾ ਵੀ ਇੰਗਲੈਂਡ ਚੱਲੇ ਗਏ ਸੀ। ਲੇਕਿਨ ਪਰਿਵਾਰਕ ਖਿੱਚੋਤਾਣ ਕਾਰਨ ਉਸ ਦੀ ਮਾਂ ਅਤੇ ਭਰਾ 5 ਸਾਲ ਪਹਿਲਾਂ 2012 ਵਿੱਚ ਵਾਪਸ ਘਰ ਆਏ ਅਤੇ ਉਨ੍ਹਾਂ ਨੇ ਉਸ ਦੇ ਸਾਲੇ ਦੇ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਵਾ ਦਿੱਤਾ।
ਜਦੋਂ ਉਹ ਦੋ ਸਾਲ ਪਹਿਲਾਂ 2015 ਵਿੱਚ ਵਾਪਸ ਪੰਜਾਬ ਆਏ ਤਾਂ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਸ ਦੇ ਖ਼ਿਲਾਫ਼ ਵੀ ਕੇਸ ਦਰਜ ਕਰਵਾ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਥਾਣੇ ਸੱਦਿਆ ਤਾਂ ਉਹ ਆਪਣੇ ਰਿਸ਼ਤੇਦਾਰ ਨਾਲ ਥਾਣੇ ਚਲ ਗਏ। ਥਾਣੇਦਾਰ ਨੇ ਦੱਸਿਆ ਕਿ ਉਸ ਦਾ ਭਰਾ ਹੀ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾ ਰਿਹਾ ਹੈ ਪ੍ਰੰਤੂ ਉਨ੍ਹਾਂ ਦੇ ਖ਼ਿਲਾਫ਼ ਦਰਜ ਵਿੱਚ ਜਾਨ ਨਹੀਂ ਹੈ ਅਤੇ ਜੇਕਰ ਉਹ ਉਨ੍ਹਾਂ ਦੀ ਸੇਵਾ ਪਾਣੀ ਕਰੇ ਤਾਂ ਉਨ੍ਹਾਂ ਦੀ ਖਲਾਸੀ ਹੋ ਸਕਦੀ ਹੈ। ਇਸ ਤਰ੍ਹਾਂ ਪੀੜਤ ਐਨਆਰਆਈ ਨੇ ਥਾਣੇਦਾਰ ਨੂੰ ਪੈਸੇ ਦੇਣ ਦੀ ਵੀਡਿਓ ਅਤੇ ਉਸ ਨਾਲ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ। ਬਾਅਦ ਵਿੱਚ ਐਨਆਰਆਈ ਨੇ ਵੀਡਿਓ ਅਤੇ ਰਿਕਾਰਡਿੰਗ ਦੀ ਸੀਡੀ ਬਣਾ ਕੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…