ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਤੋਂ ਪਹਿਲਾਂ ਹੀ ਪੁਲੀਸ ਭਾਜੜਾਂ ਪਈਆਂ

ਐਸਪੀ ਐਨਐਸ ਮਾਹਲ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਸ਼ਾਂਤ, ਕਾਰਵਾਈ ਲਈ ਦੋ ਹਫ਼ਤੇ ਦੀ ਮੋਹਲਤ ਮੰਗੀ

ਜੇਕਰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਬਣਦੀ ਕਾਰਵਾਈ ਨਾ ਹੋਈ ਤਾਂ ਮੁੜ ਸੰਘਰਸ਼ ਵਿੱਢਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ:
ਪੰਜਾਬ ਪੁਲੀਸ ਦੀਆਂ ਕਥਿਤ ਵਧੀਕੀਆਂ ਦਾ ਸ਼ਿਕਾਰ ਪੀੜਤ ਪਰਿਵਾਰਾਂ ਨੇ ਅੱਜ ਮੁਹਾਲੀ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਂਕ ਨੇੜੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਗਾ ਕੇ ਬੈਠੇ ਦਲਿਤ ਸੰਗਠਨਾਂ ਨੇ ਅੱਜ ਐਸਸੀ\ਬੀਸੀ ਮੋਰਚਾ ਮਹਾ ਪੰਚਾਇਤ ਦੇ ਬੈਨਰ ਹੇਠ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਯਤਨ ਕੀਤਾ ਲੇਕਿਨ ਮਾਰਚ ਤੋਂ ਪਹਿਲਾਂ ਹੀ ਐਸਪੀ ਡਾ. ਐਨਐਸ ਮਾਹਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ।
ਇਸ ਮੌਕੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਵੱਖ-ਵੱਖ 6 ਕੇਸਾਂ ਦਾ ਵੇਰਵਾ ਦਿੰਦੇ ਹੋਏ ਐਸਪੀ ਨੂੰ ਕਿਹਾ ਕਿ ਉਨ੍ਹਾਂ ਨੂੰ ਧਰਨੇ ਲਾਉਣ ਦਾ ਕੋਈ ਸ਼ੌਕ ਨਹੀਂ ਹੈ ਪ੍ਰੰਤੂ ਸਰਕਾਰ ਅਤੇ ਪੁਲੀਸ ਪੀੜਤਾਂ ਦੀ ਗੱਲ ਵੀ ਨਹੀਂ ਸੁਣਦੀ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਆਉਣਾ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਲੋਂ ਵਿੱਚ ਇੱਕ ਗਰੀਬ ਪਰਿਵਾਰ ’ਤੇ 20-25 ਬੰਦਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਪ੍ਰੰਤੂ ਪੁਲੀਸ ਨੇ ਪਰਚੇ ਵਿੱਚ ਧਾਰਾ 307 ਅਤੇ 26 ਐਡ ਨਹੀਂ ਕੀਤੀਆਂ ਅਤੇ ਨਾ ਹੀ ਹੁਣ ਤੱਕ ਸਾਰੇ ਹਮਲਾਵਰ ਗ੍ਰਿਫ਼ਤਾਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਦੇ ਜੀਅ ਅਤੇ ਇਲਾਕੇ ਦੇ ਹੋਰ ਪੀੜਤ ਪਰਿਵਾਰ ਕਾਫ਼ੀ ਸਮੇਂ ਤੋਂ ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ ਪ੍ਰੰਤੂ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਧਰਨੇ ਨੂੰ ਐਸੀਸੀ\ਬੀਸੀ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਹਲੋਂ, ਸ੍ਰੀਮਤੀ ਰੇਣੂ ਬਾਲਾ, ਅਜੈਬ ਸਿੰਘ ਬਠੋਈ, ਸੁਖਦੇਵ ਸਿੰਘ ਚੱਪੜਚਿੜੀ, ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਸਤਵਿੰਦਰ ਕੌਰ ਅਤੇ ਬਲਜੀਤ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹਰਨੇਕ ਸਿੰਘ ਮਲੋਵਾ, ਐਸਡੀਓ ਹਰਨੇਕ ਸਿੰਘ, ਸਿਮਰਜੀਤ ਸਿੰਘ ਸ਼ੈਕੀ, ਸੁਰਜੀਤ ਸਿੰਘ ਜਖਵਾਲੀ, ਹਜ਼ਾਰਾ ਸਿੰਘ, ਗੌਰਵ ਸੂਦ, ਪ੍ਰਕਾਸ਼ਵਤੀ, ਲਖਵੀਰ ਸਿੰਘ ਲੱਖੀ, ਗੁਰਮੀਤ ਸਿੰਘ ਕੈਲੋਂ, ਅਮਨਦੀਪ ਕੌਰ, ਰੁਚੀ ਸੂਦ, ਰਾਕੇਸ਼ ਸੂਦ, ਨਿਸ਼ਾ, ਪ੍ਰੇਮ ਕੁਮਾਰ, ਸੋਨੀਆ ਰਾਣੀ, ਮਨਪ੍ਰੀਤ ਕੌਰ, ਦਿਆਲ ਕੌਰ, ਸਰੋਜ ਬਾਲਾ, ਜਸਵੰਤ ਕੌਰ, ਹਰਬੰਸ ਕੌਰ, ਅਰੁਣ ਕੁਮਾਰ, ਸਤਵੀਰ ਕੌਰ, ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ, ਸਵਰਨ ਸਿੰਘ, ਜਸ਼ਨ ਵੀ ਹਾਜ਼ਰ ਸਨ।

ਇਸੇ ਦੌਰਾਨ ਐਸਪੀ ਡਾ. ਐਨਐਸ ਮਾਹਲ ਨੇ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਤੋਂ ਮੁੱਖ ਮੰਤਰੀ, ਡੀਜੀਪੀ ਅਤੇ ਡੀਆਈਜੀ ਦੇ ਨਾਂ ਲਿਖਿਆ ਮੰਗ ਪੱਤਰ ਹਾਸਲ ਕੀਤਾ। ਐਸਪੀ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਚਿੱਟਾ ਵੇਚਣ ਵਾਲਿਆਂ ਅਤੇ ਆਨਲਾਈਨ ਪੈਸਿਆਂ ਦੀ ਵਸੂਲੀ ਦਾ ਮਾਮਲਾ ਹਫ਼ਤੇ ਤੱਕ ਹੱਲ ਕੀਤਾ ਜਾਵੇਗਾ ਜਦੋਂਕਿ ਬਾਕੀ ਥਾਣਿਆਂ ਦੇ ਮਸਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੱਲ ਕੀਤੇ ਜਾਣਗੇ। ਉਧਰ, ਪੀੜਤ ਪਰਿਵਾਰਾਂ ਨੇ ਕਿਹਾ ਕਿ ਜੇਕਰ ਦੋ ਹਫ਼ਤਿਆਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਰਾਜਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮੁੜ ਤੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

Load More Related Articles

Check Also

Yudh Nashian Virudh: Illegal house of notorious drug smuggler demolished in Batala’s Qadian village

Yudh Nashian Virudh: Illegal house of notorious drug smuggler demolished in Batala’s…