
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਥਾਣੇਦਾਰ ਦੋਸ਼ੀ ਕਰਾਰ, ਸ਼ੁੱਕਰਵਾਰ ਨੂੰ ਸੁਣਾਈ ਜਾਵੇਗੀ ਸਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਕਰੀਬ ਚਾਰ ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਰੀਦਕੋਟ ਦੇ ਇਕ ਐਸਪੀ ਨਾਲ ਰੀਡਰ ਰਹੇ ਏਐਸਆਈ ਗੁਰਵਿੰਦਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ ਥਾਣੇਦਾਰ ਨੂੰ ਸ਼ੁੱਕਰਵਾਰ ਨੂੰ ਸਜਾ ਸੁਣਾਈ ਜਾਵੇਗੀ। ਅਦਾਲਤ ਨੇ ਅੱਜ ਉਸ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਨਵੀਂ ਜੇਲ੍ਹ ਨਾਭਾ ਭੇਜ ਦਿੱਤਾ ਹੈ ਜਦੋਂਕਿ ਇਸ ਤੋਂ ਪਹਿਲਾਂ ਉਹ ਜ਼ਮਾਨਤ ’ਤੇ ਚੱਲ ਰਿਹਾ ਸੀ।
ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਵਸਨੀਕ ਪਰਦੀਪ ਸਚਦੇਵਾ ਦੀ ਸ਼ਿਕਾਇਤ ’ਤੇ ਥਾਣੇਦਾਰ ਦੇ ਖ਼ਿਲਾਫ਼ 5 ਜਨਵਰੀ 2018 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਸੀ। ਵਿਜੀਲੈਂਸ ਅਨੁਸਾਰ ਸ਼ਿਕਾਇਤ ਕਰਤਾ ਪਰਦੀਪ ਸਚਦੇਵਾ ਦੀ ਪਤਨੀ ਅਤੇ ਉਸ ਦੇ ਬੇਟੇ ਖ਼ਿਲਾਫ਼ 14 ਨਵੰਬਰ 2017 ਨੂੰ ਕੋਟਕਪੂਰਾ ਥਾਣੇ ਵਿੱਚ ਧਾਰਾ 420 ਤਹਿਤ ਧੋਖਾਧੜਾ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਉਪਰੰਤ ਸਚਦੇਵਾ ਪਰਿਵਾਰ ਨੇ ਆਪਣੀ ਬੇਗੁਨਾਹੀ ਸਬੰਧੀ ਪੁਲੀਸ ਨੂੰ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਅਤੇ ਇਸ ਮਾਮਲੇ ਦੀ ਜਾਂਚ ਇਕ ਐਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ।
ਜਾਂਚ ਦੌਰਾਨ ਅੇਸਪੀ ਦੇ ਰੀਡਰ ਗੁਰਵਿੰਦਰਜੀਤ ਸਿੰਘ ਨੇ ਸਚਦੇਵਾ ਪਰਿਵਾਰ ਤੋਂ ਸਵਾ ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਭਰੋਸਾ ਦਿੱਤਾ ਸੀ। ਬਾਅਦ ਪੀੜਤ ਦਾ ਰੀਡਰ ਨਾਲ ਲੱਖ ਰੁਪਏ ਦੇਣ ਦਾ ਸੌਦਾ ਤੈਅ ਹੋ ਗਿਆ। ਇਸ ਸਬੰਧੀ ਪੀੜਤ ਪਰਿਵਾਰ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਰੀਡਰ ਖ਼ਿਲਾਫ਼ ਰਿਸ਼ਵਤ ਮੰਗਣ ਅਤੇ ਤੰਗ ਪ੍ਰੇਸ਼ਾਨ ਦੀ ਸ਼ਿਕਾਇਤ ਦੇ ਦਿੱਤੀ। ਵਿਜੀਲੈਂਸ ਨੇ ਆਪਣਾ ਜਾਲ ਵਿਛਾ ਕੇ ਏਐਸਆਈ ਗੁਰਵਿੰਦਰਜੀਤ ਸਿੰਘ ਨੂੰ 50 ਹਜ਼ਾਰ ਰੁਪਏ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਸੀ।