ਪੁਲੀਸ ਮੁਕਾਬਲਾ: ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ ਸਿੱਖ ਨੌਜਵਾਨ ‘ਬਲਦੇਵ ਸਿੰਘ ਦੇਬਾ’
ਫੌਜ ’ਚੋਂ ਛੁੱਟੀ ਕੱਟਣ ਘਰ ਆਇਆ ਸੀ ਬਲਦੇਵ ਸਿੰਘ, ਪੁਲੀਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ
ਖਾੜਕੂਆਂ ਤੋਂ ਡਰਦੇ ਹੋਏ ਸ਼ਹਿਰ ਆ ਕੇ ਵਸਿਆ ਸੀ ਲਖਵਿੰਦਰ ਸਿੰਘ, ਅਤਿਵਾਦੀ ਦੱਸ ਕੇ ਮਾਰਿਆ
ਨਬਜ਼-ਏ-ਪੰਜਾਬ, ਮੁਹਾਲੀ, 4 ਫਰਵਰੀ:
ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਕਰੀਬ ਤਿੰਨ ਦਹਾਕੇ ਪਹਿਲਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸਿੱਖ ਨੌਜਵਾਨ ਬਲਦੇਵ ਸਿੰਘ ਉਰਫ਼ ਦੇਬਾ ਵਾਸੀ ਬਾਸਰਕੇ ਭੈਣੀ (ਅੰਮ੍ਰਿਤਸਰ) ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ ਪਰ ਉਹ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਵਜ਼ਾਰਤ ਸਮੇਂ ਪੰਜਾਬ ਪੁਲੀਸ ਦੀਆਂ ਕਥਿਤ ਵਧੀਕੀਆਂ ਦਾ ਸ਼ਿਕਾਰ ਹੋ ਗਿਆ।
ਪੀੜਤ ਪਰਿਵਾਰਾਂ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲਾਂ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਨੇ ਦੱਸਿਆ ਕਿ ਬਲਦੇਵ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਘਟਨਾ ਸਮੇਂ ਉਹ ਛੁੱਟੀ ਕੱਟਣ ਆਪਣੇ ਘਰ ਆਇਆ ਹੋਇਆ ਸੀ, ਉਸ ਦੇ ਮਾਪਿਆਂ ਨੂੰ ਉਸ ’ਤੇ ਬਹੁਤ ਉਮੀਦਾਂ ਸਨ ਪ੍ਰੰਤੂ 6 ਸਤੰਬਰ 1992 ਨੂੰ ਬਲਦੇਵ ਸਿੰਘ ਨੂੰ ਪਿੰਡ ਬਾਸਰਕੇ ਭੈਣੀ ਵਿੱਚ ਘਰ ਤੋਂ ਐਸਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚੁੱਕ ਲਿਆ ਅਤੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ।
ਮ੍ਰਿਤਕ ਬਲਦੇਵ ਸਿੰਘ ਦੇਬਾ ਦੀ ਭੈਣ ਸੁਖਵਿੰਦਰ ਕੌਰ ਦੇ ਦੱਸਣ ਅਨੁਸਾਰ ਉਸ ਦਾ ਪੰਜ ਸਿੱਖ ਰੈਜ਼ਮੈਂਟ ਵਿੱਚ ਪੰਜ ਸਾਲ ਪਹਿਲਾਂ ਭਰਤੀ ਹੋਇਆ ਸੀ। ਉਸ ਦਾ ਨੰਬਰ (3387376 ਡਬਲਿਊ) ਸੀ। ਉਹ 10 ਕੁ ਦਿਨਾਂ ਪਹਿਲਾਂ ਹੀ ਆਪਣੇ ਭਰਾ ਨੂੰ ਮਿਲ ਕੇ ਗਈ ਸੀ। ਉਸ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਆਖਰੀ ਮੁਲਾਕਾਤ ਹੈ। ਨੌਜਵਾਨ ਦੇ ਮਾਪਿਆਂ ਨੇ ਪੁਲੀਸ ਨੂੰ ਉਸ ਦਾ ਫੌਜ ਦਾ ਸ਼ਨਾਖ਼ਤੀ ਕਾਰਡ ਅਤੇ ਹੋਰ ਦਸਤਾਵੇਜ਼ ਵੀ ਦਿਖਾਏ ਗਏ। ਇੱਥੋਂ ਤੱਕ ਫੌਜ ਵੱਲੋਂ ਵੀ ਪੱਤਰ ਲਿਖਿਆ ਗਿਆ ਪ੍ਰੰਤੂ ਪੁਲੀਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ।
ਇੰਜ ਹੀ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਸੁਲਤਾਨਵਿੰਡ ਨੂੰ 12 ਸਤੰਬਰ 1992 ਨੂੰ ਪ੍ਰੀਤਨਗਰ ਅੰਮ੍ਰਿਤਸਰ ਸਥਿਤ ਉਸਦੇ ਕਿਰਾਏ ਦੇ ਮਕਾਨ ’ਚੋਂ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਨਾਲ ਮਜੀਠਾ ਥਾਣਾ ਦੇ ਐਸਐਚਓ ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਪੁਲੀਸ ਨੇ ਕੁਲਵੰਤ ਸਿੰਘ ਨੂੰ ਤਾਂ ਛੱਡ ਦਿੱਤਾ ਸੀ ਪਰ ਲੱਖੇ ਨੂੰ ਹਵਾਲਾਤ ਵਿੱਚ ਰੱਖਿਆ ਗਿਆ। 23 ਜੁਲਾਈ 1992 ਨੂੰ ਕਾਂਗਰਸੀ ਮੰਤਰੀ ਦੇ ਪੁੱਤਰ ਦੇ ਹੋਏ ਕਤਲ ਦਾ ਮਾਮਲਾ ਵੀ ਇਨ੍ਹਾਂ ਦੋਵੇਂ ਨੌਜਵਾਨਾਂ ’ਤੇ ਪਾ ਦਿੱਤਾ ਗਿਆ ਅਤੇ 12 ਸਤੰਬਰ ਨੂੰ ਛੇਹਰਟਾ ਪੁਲੀਸ ਨੇ ਇਸ ਕਤਲ ਕੇਸ ਵਿੱਚ ਬਲਦੇਵ ਸਿੰਘ ਦੇਬਾ ਦੀ ਗ੍ਰਿਫ਼ਤਾਰੀ ਦਿਖਾਈ ਗਈ ਅਤੇ 13 ਸਤੰਬਰ 1992 ਨੂੰ ਦੋਵੇਂ ਨੌਜਵਾਨਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
ਵਕੀਲਾਂ ਨੇ ਦੱਸਿਆ ਕਿ ਪਿੰਡ ਸੁਲਤਾਨਵਿੰਡ ਖਾੜਕੂਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਅਤੇ ਲਖਵਿੰਦਰ ਸਿੰਘ ਲੱਖਾ ਅਤਿਵਾਦੀਆਂ ਤੋਂ ਡਰਦਾ ਮਾਰਾ
ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਆ ਕੇ ਰਹਿਣ ਲੱਗ ਪਿਆ। ਉਹ ਖਾੜਕੂਆਂ ਤੋਂ ਬਚਨ ਲਈ ਸ਼ਹਿਰ ਆਇਆ ਸੀ ਪ੍ਰੰਤੂ ਪੁਲੀਸ ਨੇ ਉਸੇ ਅਤਿਵਾਦੀ ਘੋਸ਼ਿਤ ਕਰਕੇ ਹਮੇਸ਼ਾ ਦੀ ਨੀਂਦ ਸੁਆ ਦਿੱਤਾ। ਜਦੋਂਕਿ ਪੁਲੀਸ ਨੇ ਆਪਣੇ ਬਚਾਅ ਵਿੱਚ ਇਹ ਕਹਾਣੀ ਘੜੀ ਗਈ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਪਿੰਡ ਸੰਸਾਰਾ ਨੇੜੇ ਬਲਦੇਵ ਸਿੰਘ ਨੂੰ ਲਿਜਾਉਂਦੇ ਸਮੇਂ ਅਤਿਵਾਦੀਆਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਵੀ ਮਾਰੇ ਗਏ ਪ੍ਰੰਤੂ ਸੀਬੀਆਈ ਦੀ ਜਾਂਚ ਵਿੱਚ ਪੁਲੀਸ ਦੇ ਝੂਠੇ ਮੁਕਾਬਲੇ ਦਾ ਸੱਚ ਉਜਾਗਰ ਹੋ ਗਿਆ ਅਤੇ ਸੀਬੀਆਈ ਦੇ ਪਬਲਿਕ ਪਸਾਰੀਕਿਊਟਰ ਅਨਮੋਲ ਨਾਰੰਗ ਨੇ ਠੋਸ ਸਬੂਤ ਪੇਸ਼ ਕਰਦਿਆਂ ਤੱਥਾਂ ਦੇ ਆਧਾਰ ’ਤੇ ਦਲੀਲਾਂ ਦਿੱਤੀਆਂ ਗਈਆਂ। ਬਚਾਅ ਪੱਖ ਅਤੇ ਸੀਬੀਆਈ ਦੇ ਵਕੀਲ ਦੀਆਂ ਦਲੀਲਾਂ ਨੂੰ ਸਹੀ ਮੰਨਦੇ ਹੋਏ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪੀੜਤ ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਤਾਂ ਹਨ, ਉਨ੍ਹਾਂ ਨੇ ਪੁਲੀਸ ਤੰਤਰ ਨੂੰ ਕੋਸਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦੇ ਲਾਲ ਤਾਂ ਵਾਪਸ ਨਹੀਂ ਮਿਲਣੇ।