Nabaz-e-punjab.com

ਪੁਲੀਸ ਤੇ ਸਿਹਤ ਟੀਮ ਨੇ ਕਰੋਨਾਵਾਇਰਸ ਤੋਂ ਪੀੜਤ ਲੜਕੀ ਦੇ ਪਿਤਾ ਦੀ ਕੰਪਨੀ ’ਚ ਦਿੱਤੀ ਦਸਤਕ

ਇੰਗਲੈਂਡ ਤੋਂ ਪਰਤੀ ਲੜਕੀ ਨੂੰ ਹਵਾਈ ਅੱਡੇ ਤੋਂ ਲੈਣ ਗਈ ਸੀ ਮਾਂ, ਕੰਪਨੀ ਦੀ ਮੁਲਾਜ਼ਮ ਤੇ ਕਾਰ ਚਾਲਕ

ਪੀੜਤ ਲੜਕੀ ਦੇ ਸੰਪਰਕ ’ਚ ਆਏ ਸਟਾਫ਼ ਸਮੇਤ 46 ਮੁਲਜ਼ਮਾਂ ਨੂੰ ਹਾਊਸ ਆਈਸੋਲੇਸ਼ਨ ’ਚ ਰਹਿਣ ਦੇ ਹੁਕਮ

ਕੰਪਨੀ ਦੇ ਦਫ਼ਤਰੀ ਸਟਾਫ਼ ਤੋਂ ਵੀ ਕੀਤੀ ਪੁੱਛਗਿੱਛ, ਸਾਵਧਾਨੀ ਵਰਤਣ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਇਕ ਨਾਮੀ ਵਾਹਨ ਕੰਪਨੀ ਦੇ ਮਾਲਕ ਦੀ ਬੇਟੀ ਨੂੰ ਕਰੋਨਾਵਾਇਰਸ ਦੀ ਲਾਗ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਕੰਪਨੀ ਦੀ ਬੇਟੀ ਕੁਝ ਦਿਨ ਪਹਿਲਾਂ ਇੰਗਲੈਂਡ ਗਈ ਸੀ ਜੋ ਬੀਤੇ ਦਿਨੀਂ ਵਾਪਸ ਪਰਤੀ ਹੈ। ਵਿਦੇਸ਼ ਤੋਂ ਵਾਪਸ ਆਉਣ ’ਤੇ ਉਹ ਕਈ ਵਿਅਕਤੀਆਂ ਦੇ ਸੰਪਰਕ ਵਿੱਚ ਰਹੀ ਹੇ। ਉਂਜ ਵੀ ਹਵਾਈ ਅੱਡੇ ’ਤੇ ਉਸ ਨੂੰ ਲੈਣ ਲਈ ਉਸ ਦੀ ਮਾਂ, ਕੰਪਨੀ ਦੀ ਮਹਿਲਾ ਮੁਲਾਜ਼ਮ ਅਤੇ ਕਾਰ ਚਾਲਕ ਗਏ ਸੀ। ਰਿਪੋਰਟ ਪਾਜ਼ੇਟਿਵ ਆਉਣ ’ਤੇ ਉਕਤ ਲੜਕੀ ਦੀ ਮਾਂ, ਦਫ਼ਤਰੀ ਮੁਲਾਜ਼ਮ ਤੇ ਕਾਰ ਚਾਲਕ ਦੀ ਮੈਡੀਕਲ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਉਧਰ, ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਅਤੇ ਸਿਹਤ ਵਿਭਾਗ ਅਤੇ ਈਐਸਆਈ ਹਸਪਤਾਲ ਦੀ ਟੀਮ ਨੇ ਅੱਜ ਇਸ ਖਤਰਨਾਕ ਵਾਇਰਸ ਤੋਂ ਪੀੜਤ ਲੜਕੀ ਦੇ ਪਿਤਾ ਦੀ ਕੰਪਨੀ ਵਿੱਚ ਦਸਤਕ ਦਿੱਤੀ। ਪ੍ਰਸ਼ਾਸਨ ਦੀ ਇਸ ਸਾਂਝੀ ਟੀਮ ਨੇ ਦਫ਼ਤਰੀ ਸਟਾਫ਼ ਤੋਂ ਕਾਫੀ ਪੁੱਛਗਿੱਛ ਕੀਤੀ ਅਤੇ ਕੰਪਨੀ ਮਾਲਕ ਦੀ ਬੇਟੀ ਦੇ ਵਿਦੇਸ਼ ਜਾਣ ਅਤੇ ਵਾਪਸ ਆ ਕੇ ਜਿਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਰਹੀ। ਉਨ੍ਹਾਂ ਬਾਰੇ ਪਤਾ ਕੀਤਾ ਗਿਆ।
ਸ਼ਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਦੇ 46 ਕਰਮਚਾਰੀਆਂ ਨੂੰ ਘੱਟੋ ਘੱਟ 14 ਦਿਨਾਂ ਲਈ ਹਾਊਸ ਆਈਸੋਲੇਸ਼ਨ ਵਿੱਚ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਪੀੜਤ ਲੜਕੀ ਦੀ ਮਾਂ ਅਤੇ ਕਾਰ ਚਾਲਕ ਨੂੰ ਵੀ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਜਦੋਂਕਿ ਦਫ਼ਤਰੀ ਮੁਲਾਜ਼ਮ ਨੂੰ ਉਸ ਦੇ ਘਰ ਹਾਊਸ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕੰਪਨੀ ਦੇ ਕਰਮਚਾਰੀਆਂ ਨੂੰ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਹੈ ਤਾਂ ਜੋ ਇਸ ਵਾਇਰਸ ਨੂੰ ਅੱਗੇ ਹੋਰ ਲੋਕਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।

Load More Related Articles

Check Also

ਮੁਹਾਲੀ ਨਗਰ ਨਿਗਮ ਵੱਲੋਂ ਪਿੰਡਾਂ ਨੂੰ ਨੋਟਿਸ ਜਾਰੀ ਕਰਨ ਦਾ ਮਾਮਲਾ ਮੁੜ ਭਖਿਆ

ਮੁਹਾਲੀ ਨਗਰ ਨਿਗਮ ਵੱਲੋਂ ਪਿੰਡਾਂ ਨੂੰ ਨੋਟਿਸ ਜਾਰੀ ਕਰਨ ਦਾ ਮਾਮਲਾ ਮੁੜ ਭਖਿਆ ਸਿਆਸੀ ਤੇ ਸਮਾਜਿਕ ਸੰਗਠਨਾਂ …