
ਮੁਹਾਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਕਰੇ ਪੁਲੀਸ: ਕੁਲਜੀਤ ਬੇਦੀ
ਰਾਤ ਨੂੰ ਪੁਲੀਸ ਗਸ਼ਤ ਵਧਾਉਣ, ਮਾਰਕੀਟਾਂ ਵਿੱਚ ਪੁਲੀਸ ਬੀਟ ਬਾਕਸ ਸਥਾਪਿਤ ਕਰਨ ਲਈ ਐਸਐਸਪੀ ਨੂੰ ਦਿੱਤਾ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਐਸਐਸਪੀ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਰਾਤ ਸਮੇਂ ਪੀਸੀਆਰ ਪੁਲੀਸ ਪਾਰਟੀਆਂ ਦੀ ਗਸ਼ਤ ਤੇਜ਼ ਕਰਨ ਅਤੇ ਪੁਲੀਸ ਬੀਟ ਬਾਕਸ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ। ਐਸਐਸਪੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਬੇਦੀ ਨੇ ਕਿਹਾ ਹੈ ਕਿ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਵਿੱਚ ਰਾਤ ਦੇ ਸਮੇਂ ਕੁਝ ਸ਼ਰਾਰਤੀ ਅਨਸਰਾਂ ਦੀ ਹੁੱਲੜਬਾਜ਼ੀ ਕਾਫੀ ਵੱਧ ਰਹੀ ਹੈ। ਜਿਸਦੇ ਤਹਿਤ ਬੀਤੀ ਰਾਤ ਇੱਥੋਂ ਦੇ ਫੇਜ਼-3ਬੀ2 ਦੀ ਮੁੱਖ ਮਾਰਕੀਟ ਵਿਖੇ ਇੱਕ ਕਾਰ ਦੇ ਉੱਤੇ ਚੜ੍ਹ ਕੇ ਕੁਝ ਨੌਜਵਾਨ ਸ਼ਰੇਆਮ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਸਨ ਅਤੇ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਬਣਾ ਕੇ ਵੱਟਸਐਪ ਗਰੁੱਪਾਂ ਵਿੱਚ ਵਾਇਰਲ ਕਰਨ ਉਪਰੰਤ ਪੁਲੀਸ ਵੀ ਹਰਕਤ ਵਿੱਚ ਆਈ ਸੀ।
ਸ੍ਰੀ ਬੇਦੀ ਨੇ ਕਿਹਾ ਕਿ ਬੇਸ਼ੱਕ ਪੁਲੀਸ ਵੱਲੋਂ ਮਾਰਕੀਟ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਅਸਲੀਅਤ ਇਹ ਹੈ ਕਿ ਪੁਲੀਸ ਦੀਆਂ ਪੀਸੀਆਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਅਤੇ ਜੇਕਰ ਸ਼ਹਿਰ ਵਿੱਚ ਪੀਸੀਆਰ ਪੂਰੀ ਮੁਸਤੈਦੀ ਨਾਲ ਕੰਮ ਕਰੇ ਤਾਂ ਕੋਈ ਹੁੱਲੜਬਾਜ਼ੀ ਜਾਂ ਅਜਿਹੀ ਹਰਕਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਸ਼ੁਰੂ ਹੋਣ ਨਾਲ ਮਾਰਕੀਟਾਂ ਵਿੱਚ ਭੀੜ ਵੱਧ ਜਾਂਦੀ ਹੈ ਅਤੇ ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਸ਼ਰਾਬ ਪੀਣ ਜਾਂ ਕੋਈ ਹੋਰ ਨਸ਼ਾ ਕਰਨ ਉਪਰੰਤ ਮਾਰਕੀਟਾਂ ਵਿੱਚ ਹੁੱਲੜਬਾਜ਼ੀ ਕਰਦੇ ਹਨ ਅਤੇ ਇਸ ਦੌਰਾਨ ਚੋਰੀ ਦੀਆਂ ਘਟਨਾਵਾਂ ਵੱਧਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪੀਸੀਆਰ ਪੁਲੀਸ ਪਾਰਟੀਆਂ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਮੁੱਖ ਮਾਰਕੀਟਾਂ ਵਿੱਚ ਪੁਲੀਸ ਦੇ ਬੀਟ ਬਾਕਸ ਬਣਾ ਕੇ ਪੁਲੀਸ ਦੀ ਪੱਕੀ ਤਾਇਨਾਤੀ ਕੀਤੀ ਜਾਵੇ। ਇਸਦੇ ਬਾਵਜੂਦ ਵੀ ਜੇਕਰ ਕੋਈ ਹੁੱਲੜਬਾਜ਼ੀ ਹੁੰਦੀ ਹੈ ਤਾਂ ਉਸ ਬੀਟ ਬਾਕਸ ਦੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।