
ਆਵਾਜ਼ ਦੇ ਸੈਂਪਲ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਾਰੈਂਸ ਬਿਸ਼ਨੋਈ ਨੂੰ ਮੁਹਾਲੀ ਲੈ ਕੇ ਆਈ ਪੁਲੀਸ
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਮੁਹਾਲੀ ਵਿੱਚ ਲਿਆ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਨਮੂਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਗ੍ਰਿਫ਼ਤਾਰ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਸੈਂਪਲ ਲੈਣ ਲਈ ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਉਸ (ਲਾਰੈਂਸ) ਨੂੰ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਸੈਲ ਵਿੱਚ ਲਿਆਂਦਾ ਗਿਆ। ਜਿੱਥੇ ਉਸਦੀ ਆਵਾਜ਼ ਦਾ ਸੈਂਪਲ ਲਿਆ। ਲਾਰੈਂਸ ਬਿਸ਼ਨੋਈ ਨੂੰ ਡੇਢ ਘੰਟਾ ਇੱਥੇ ਰੱਖਿਆ ਗਿਆ।
ਉਧਰ, ਜਦੋਂ ਪੁਲੀਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਾਈਬਰ ਕ੍ਰਾਈਮ ਸੈਲ ਵਿੱਚ ਲੈ ਕੇ ਆਈ ਤਾਂ ਕੁਝ ਸਮੇਂ ਲਈ ਫੇਜ਼-3\5 ਚੌਂਕ ’ਤੇ ਆਵਾਜਾਈ ਰੋਕ ਦਿੱਤੀ ਗਈ ਤਾਂ ਜੋ ਪੁਲੀਸ ਦਾ ਕਾਫ਼ਲਾ ਬਿਨਾ ਕਿਸੇ ਰੁਕਾਵਟ ਦੇ ਸਾਈਬਰ ਕ੍ਰਾਈਮ ਸੈਲ ਵਿੱਚ ਦਾਖ਼ਲ ਹੋ ਸਕੇ। ਉਂਜ ਵੀ ਜਿੰਨਾ ਸਮਾਂ ਲਾਰੈਂਸ ਬਿਸ਼ਨੋਈ ਨੂੰ ਇੱਥੇ ਰੱਖਿਆ ਗਿਆ, ਉਸ ਸਮੇਂ ਤੱਕ ਫੇਜ਼-5 ਦੀ ਮਾਰਕੀਟ ਅਤੇ ਸਾਈਬਰ ਕ੍ਰਾਈਮ ਸੈਲ ਦੀ ਇਮਾਰਤ ਦੇ ਸਾਹਮਣਿਓਂ ਲੰਘਦੀ ਸੜਕ ’ਤੇ ਪੁਲੀਸ ਜਵਾਨ ਪੂਰੀ ਤਰ੍ਹਾਂ ਮੁਸਤੈਦ ਰਹੇ। ਬਿਸ਼ਨੋਈ ਨੂੰ ਇੱਥੋਂ ਫੇਜ਼-3\5 ਦੀਆਂ ਟਰੈਫ਼ਿਕ ਲਾਈਟ ਪੁਆਇੰਟ ਤੋਂ ਰਾਧਾ ਸੁਆਮੀ ਚੌਂਕ ਵੱਲ ਲਿਜਾਇਆ ਗਿਆ। ਸੂਤਰ ਦੱਸਦੇ ਹਨ ਕਿ ਪੁਲੀਸ ਉਸ ਨੂੰ ਵਾਪਸ ਜ਼ਿਲ੍ਹਾ ਸੀਆਈਏ ਸਟਾਫ਼ ਲੈ ਕੇ ਗਈ ਹੈ।
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਸੈਂਪਲ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਉਸ ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕਾਂ, ਅਦਾਕਾਰਾਂ ਅਤੇ ਵੱਡੇ ਕਾਰੋਬਾਰੀਆਂ ਨੂੰ ਫਿਰੌਤੀ ਦੇਣ ਲਈ ਫੋਨ ’ਤੇ ਧਮਕਾਇਆ ਜਾਂਦਾ ਰਿਹਾ ਹੈ। ਪੁਲੀਸ ਦੀ ਜਾਂਚ ਟੀਮ ਮਾਮਲੇ ਦੀ ਤੈਅ ਤੱਕ ਜਾਣ ਲਈ ਫੂਕ ਫੂਕ ਕੇ ਪੈਰ ਰੱਖ ਰਹੀ ਹੈ। ਫਿਰੌਤੀ ਲਈ ਫੋਨ ’ਤੇ ਧਮਕੀਆਂ ਦੇਣ ਵਾਲਿਆਂ ਦੀ ਰਿਕਾਰਡਿੰਗ ਨਾਲ ਲਾਰੈਂਸ ਦੀ ਆਵਾਜ਼ ਦੇ ਨਮੂਨੇ ਦਾ ਮਿਲਾਨ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ ਅਕਸਰ ਗੋਲਡੀ ਬਰਾੜ ਨਾਲ ਫੋਨ ’ਤੇ ਗੱਲਬਾਤ ਕਰਦਾ ਸੀ ਅਤੇ ਉਸ ਨਾਲ ਹੋਈ ਗੱਲਬਾਤ ਸਬੰਧੀ ਲਾਰੈਂਸ ਦੀ ਆਵਾਜ਼ ਦਾ ਮਿਲਾਨ ਕਰਵਾ ਕੇ ਦੇਖਿਆ ਜਾਵੇਗਾ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਗੈਂਗਸਟਰਾਂ ਅਤੇ ਸਮਗਲਰਾਂ ਦੀ ਆਵਾਜ਼ ਦੇ ਸੈਂਪਲ ਇਸ ਲਈ ਵੀ ਰੱਖੇ ਜਾਂਦੇ ਹਨ ਕਿ ਜੇਕਰ ਬਾਅਦ ਵਿੱਚ ਇਹ ਆਪਣਾ ਭੇਸ ਬਦਲ ਲੈਣ ਤਾਂ ਵੀ ਇਨ੍ਹਾਂ ਦੀ ਆਵਾਜ਼ ਦੇ ਨਾਲ ਇਨ੍ਹਾਂ ਦੀ ਪਛਾਣ ਹੋ ਸਕੇ।