
ਪੁਲੀਸ ਨਾਕਾ: ਕਾਰ ਸਵਾਰਾਂ ਵੱਲੋਂ ਪੁਲੀਸ ਕਰਮਚਾਰੀਆਂ ’ਤੇ ਫਾਇਰਿੰਗ, 3 ਗ੍ਰਿਫ਼ਤਾਰ
ਜਵਾਬੀ ਫਾਇਰਿੰਗ ਵਿੱਚ ਕਾਰ ਚਾਲਕ ਦੀ ਖੱਬੀ ਲੱਤ ਤੇ ਗੋਡੇ ਤੋਂ ਹੇਠਾਂ ਲੱਗੀ ਗੋਲੀ, ਸਰਕਾਰੀ ਹਸਪਤਾਲ ’ਚ ਦਾਖ਼ਲ
ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਇੱਥੋਂ ਦੇ ਫੇਜ਼-3-ਏ ਸਥਿਤ ਮਾਈਕਰੋ ਟਾਵਰ ਨੇੜੇ ਪੁਲੀਸ ਨਾਕੇ ਦੌਰਾਨ ਚੰਡੀਗੜ੍ਹ ਦੀ ਤਰਫ਼ੋਂ ਆ ਰਹੀ ਫੋਰਡ ਫੀਗੋ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵੱਲੋਂ ਪੁਲੀਸ ਕਰਮਚਾਰੀਆਂ ’ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਵਾਬੀ ਗੋਲੀਬਾਰੀ ਕਰਦਿਆਂ ਪੁਲੀਸ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ। ਮੁਹਾਲੀ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੰਘੀ ਰਾਤ ਐਸਐਸਪੀ ਡਾ. ਸੰਦੀਪ ਗਰਗ ਦੀਆਂ ਹਦਾਇਤਾਂ ’ਤੇ ਮਟੌਰ ਪੁਲੀਸ ਵੱਲੋਂ ਮਾਈਕਰੋ ਟਾਵਰ ਫੇਜ਼-ਏ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਦੇਰ ਰਾਤ (ਕਰੀਬ 12:45 ਵਜੇ) ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਫੋਰਡ ਫੀਗੋ ਕਾਰ ਦੇ ਚਾਲਕ ਨੇ ਪੁਲੀਸ ਨੂੰ ਖੜਾ ਦੇਖ ਕੇ ਕਾਰ ਰੋਕ ਲਈ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੜਕ ’ਤੇ ਆਵਾਜਾਈ ਹੋਣ ਕਰਕੇ ਉਹ ਗੱਡੀ ਪਿੱਛੇ ਨਹੀਂ ਮੋੜ ਸਕੇ।
ਜਿਵੇਂ ਹੀ ਪੁਲੀਸ ਨਾਕੇ ’ਤੇ ਤਾਇਨਾਤ ਕਰਮਚਾਰੀ ਗੱਡੀ ਵੱਲ ਵਧੇ ਤਾਂ ਕਾਰ ਸਵਾਰ ਵਿਅਕਤੀ ਨੇ ਉਨ੍ਹਾਂ (ਪੁਲੀਸ) ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਜਵਾਬ ਵਿੱਚ ਪੁਲੀਸ ਨੇ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕਰਕੇ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਦੋ ਵਿਅਕਤੀਆਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਅਤੇ ਕਾਰ ਚਾਲਕ ਖੱਬੀ ਲੱਤ ਅਤੇ ਗੋਡੇ ਦੇ ਹੇਠਾਂ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਗੱਡੀ ਵਿੱਚ ਪਾ ਕੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਾਇਆ ਗਿਆ।
ਪੁਲੀਸ ਅਨੁਸਾਰ ਕਾਰ ਚਾਲਕ ਦੀ ਪਛਾਣ ਗੁਰਮੁੱਖ ਸਿੰਘ ਉਰਫ਼ ਸੈਂਟੀ ਵਾਸੀ ਪਿੰਡ ਅਲਾਦਾਦਪੁਰ (ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ। ਉਸ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਜਿੰਦਾ ਰੋਂਦ ਅਤੇ ਇੱਕ ਖੋਲ ਬਰਾਮਦ ਕੀਤਾ ਗਿਆ ਹੈ। ਉਸ ਦੇ ਸਾਥੀਆਂ ਦੀ ਪਛਾਣ ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਕਰਨ ਸਿੰਘ ਵਾਸੀ ਪਿੰਡ ਘੁੱਲੂ ਮਾਜਰਾ (ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ। ਉਨ੍ਹਾਂ ਤੋਂ 315 ਬੋਰ ਦਾ ਇਕ ਦੇਸੀ ਕੱਟਾ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਉਕਤ ਵਿਅਕਤੀਆਂ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 307, 186, 353, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਪੀ ਬਰਾੜ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਿਅਕਤੀਆਂ ਨੇ 5 ਤੇ 6 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੈਸ਼ਨੂੰ ਮਾਤਾ ਮੰਦਰ ਫੇਜ਼-3ਬੀ-1 ਨੇੜਿਓਂ ਕਾਰ ਖੋਹੀ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖਰਾ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਅਪਰਾਧਿਕ ਬਿਰਤੀ ਵਾਲੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਰਹਿੰਦ ਥਾਣੇ ਵਿੱਚ ਵੀ ਦੋ ਵੱਖ-ਵੱਖ ਪਰਚੇ ਦਰਜ ਹਨ।