
ਅਤਿਵਾਦ ਵਿਰੁੱਧ ਲੜਨ ਵਾਲੇ ਪੁਲੀਸ ਅਫ਼ਸਰਾਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ: ਨਿਸ਼ਾਂਤ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਮੁੱਖ ਸ੍ਰੀ ਨਿਸ਼ਾਂਤ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਵਾਲੇ ਜਿਹੜੇ ਅਫਸਰ ਇਸ ਸਮੇੱ ਕਿਸੇ ਕੇਸਾਂ ਕਾਰਨ ਜੇਲਾਂ ਵਿੱਚ ਹਨ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਆਪਣੇ ਪੱਤਰ ਵਿੱਚ ਸ੍ਰੀ ਨਿਸ਼ਾਂਤ ਸ਼ਰਮਾ ਨੇ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ, ਕੇਪੀਐਸ ਗਿੱਲ ਦਾ ਲੰਬੀ ਬਿਮਾਰੀ ਤੋੱ ਬਾਅਦ ਦੇਹਾਂਤ ਹੋ ਗਿਆ ਸੀ। ਵੱਖ-ਵੱਖ ਟੀਵੀ ਚੈਨਲਾਂ ਉੱਪਰ ਸ੍ਰੀ ਗਿੱਲ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਸ੍ਰੀ ਗਿੱਲ ਦੀ ਟੀਮ ਵਿੱਚ ਸ਼ਾਮਲ ਜਿਹੜੇ ਪੁਲੀਸ ਅਫ਼ਸਰ ਇਸ ਸਮੇੱ ਵੱਖ-ਵੱਖ ਜੇਲਾਂ ਵਿੱਚ ਬੰਦ ਹਨ, ਉਹਨਾਂ ਦੀ ਕਿਸੇ ਵਲੋੱ ਵੀ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਕਈ ਮਾਮਲਿਆਂ ਵਿੱਚ ਕਤਲ ਕੇਸ ਦੇ ਦੋਸ਼ੀਆਂ ਦੀਆਂ ਸਜਾਵਾਂ ਘਟਾਈਆਂ ਹਨ। ਇਸ ਲਈ ਵੱਖ-ਵੱਖ ਜੇਲਾਂ ਵਿੱਚ ਬੰਦ ਸ੍ਰੀ ਗਿੱਲ ਦੀ ਟੀਮ ਵਿੱਚ ਸ਼ਾਮਲ ਰਹੇ ਪੁਲੀਸ ਅਫਸਰਾਂ ਨੂੰ ਵੀ ਰਿਹਾਅ ਕਰ ਦੇਣਾ ਚਾਹੀਦਾ ਹੈ।