
ਥਾਣੇਦਾਰ ਦੀ ਹੱਤਿਆ ਮਾਮਲਾ: ਮੁਹਾਲੀ ਅਦਾਲਤ ਵੱਲੋਂ ਥਾਣੇ ਦੇ ਮੁਨਸ਼ੀ ਨੂੰ ਉਮਰ ਕੈਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਮੁਹਾਲੀ ਦੀ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਪੰਜਾਬ ਪੁਲੀਸ ਦੇ ਇੱਕ ਥਾਣੇਦਾਰ ਦੀ ਹੱਤਿਆ ਦੇ ਕਰੀਬ ਚਾਰ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਅੱਜ ਡੇਰਾਬੱਸੀ ਥਾਣੇ ਦੇ ਮੁਨਸ਼ੀ ਰਹੇ ਕਾਲਾ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਆਈਪੀਸੀ ਦੀ ਧਾਰਾ 302 ਵਿੱਚ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ ਜਦੋਂਕਿ ਅਸਲਾ ਐਕਟ ਤਹਿਤ ਤਿੰਨ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਜਾਣਕਾਰੀ ਅਨੁਸਾਰ 16 ਜਨਵਰੀ 2019 ਦੀ ਰਾਤ ਨੂੰ ਕਾਲਾ ਖਾਨ ਡੇਰਾਬੱਸੀ ਥਾਣੇ ਵਿੱਚ ਨਾਈਟ ਮੁਨਸ਼ੀ ਦੀ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਜਦੋਂ ਟਰੈਫ਼ਿਕ ਇੰਚਾਰਜ ਏਐਸਆਈ ਲਖਵਿੰਦਰ ਸਿੰਘ ਟਰੈਫ਼ਿਕ ਚਲਾਨ ਬੁੱਕ ਥਾਣੇ ਵਿੱਚ ਜਮ੍ਹਾ ਕਰਵਾਉਣ ਆਇਆ ਤਾਂ ਉਸ ਸਮੇਂ ਮੁਨਸ਼ੀ ਕਾਲਾ ਖਾਨ ਅਤੇ ਹੌਲਦਾਰ ਲੇਖਰਾਜ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਰਹੇ ਸਨ। ਜਿਵੇਂ ਹੀ ਥਾਣੇਦਾਰ ਲਖਵਿੰਦਰ ਸਿੰਘ ਨੇ ਅੱਗੇ ਆ ਕੇ ਪੁਲੀਸ ਮੁਲਾਜ਼ਮਾਂ ਨੂੰ ਝਗੜਾ ਨਾ ਕਰਨ ਲਈ ਰੋਕਣ ਦਾ ਯਤਨ ਕੀਤਾ ਤਾਂ ਕੁਝ ਦੇਰ ਬਾਅਦ ਮੁਨਸ਼ੀ ਕਾਲਾ ਖਾਨ ਮਾਲਖ਼ਾਨੇ ਵਿੱਚ ਗਿਆ ਅਤੇ ਉੱਥੋਂ ਸਰਕਾਰੀ ਰਾਈਫ਼ਲ ਚੁੱਕੀ ਅਤੇ ਥਾਣੇਦਾਰ ਲਖਵਿੰਦਰ ਸਿੰਘ ਨੂੰ ਲਲਕਾਰਦੇ ਹੋਏ ਥਾਣੇਦਾਰ ਵੱਲ ਫਾਇਰ ਕਰ ਦਿੱਤਾ ਅਤੇ ਉਸ ਦੀ ਥਾਣੇ ਵਿੱਚ ਹੀ ਗੋਲੀ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ। ਥਾਣੇਦਾਰ ਲਖਵਿੰਦਰ ਸਿੰਘ ਦੇ ਗਲ ਵਿੱਚ ਵੱਜੀ ਸੀ। ਜਦੋਂਕਿ ਹੌਲਦਾਰ ਲੇਖਰਾਜ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪੁੱਜਦਾ ਕੀਤਾ ਗਿਆ।
ਇਸ ਕੇਸ ਦੀ ਸੁਣਵਾਈ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਚੱਲ ਰਹੀ ਸੀ। ਕੇਸ ਦੀ ਸੁਣਵਾਈ ਦੌਰਾਨ ਤਤਕਾਲੀ ਐਸਐਚਓ ਮਹਿੰਦਰ ਸਿੰਘ ਦੇ ਬਿਆਨਾਂ ਅਤੇ ਸਰਕਾਰੀ ਗਵਾਹਾਂ ਅਤੇ ਸਰਕਾਰੀ ਵਕੀਲ ਸਤਨਾਮ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁਨਸ਼ੀ ਕਾਲਾ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਧਾਰਾ 302 ਵਿੱਚ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ, ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਦੋਸ਼ੀ ਨੂੰ ਤਿੰਨ ਸਾਲ ਹੋਰ ਕੈਦ ਕੱਟਣੀ ਪਵੇਗੀ ਜਦੋਂਕਿ ਅਸਲਾ ਐਕਟ ਤਹਿਤ ਤਿੰਨ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ਅਤੇ ਜੁਰਮਾਨੇ ਨਾ ਦੇਣ ਦੀ ਸੂਰਤ ਵਿੱਚ ਤਿੰਨ ਸਾਲ ਹੋਰ ਵਾਧੂ ਜੇਲ੍ਹ ਵਿੱਚ ਬੰਦ ਰਹਿਣਾ ਪਵੇਗਾ।