
ਮੁਹਾਲੀ ਅਦਾਲਤ ਵੱਲੋਂ ਚਾਰ ਬਦਮਾਸ਼ਾਂ ਦਾ 5 ਰੋਜ਼ਾ ਪੁਲੀਸ ਰਿਮਾਂਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਪੰਜਾਬ ਪੁਲੀਸ ਦੇ ਕਾਊਂਟਰ-ਇੰਟੈਲੀਜੈਂਸ ਯੂਨਿਟ ਵੱਲੋਂ ਪਿਛਲੇ ਦਿਨੀਂ ਦਿੱਲੀ ਪੁਲੀਸ ਦੀ ਮਦਦ ਨਾਲ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਨਾਲ ਸਬੰਧਤ ਚਾਰ ਮੁਲਜ਼ਮਾਂ ਦੀਪਕ ਸ਼ਰਮਾ ਵਾਸੀ ਮੋਗਾ, ਸੰਦੀਪ ਸਿੰਘ ਵਾਸੀ ਫਿਰੋਜ਼ਪੁਰ, ਵਿਪਨ ਜਾਖੜ ਵਾਸੀ ਨਵੀਂ ਦਿੱਲੀ ਅਤੇ ਸੰਨੀ ਡਾਗਰ ਵਾਸੀ ਈਸਾਪੁਰ, ਦਿੱਲੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੁਬਾਰਾ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮਾਂ ਨੂੰ 23 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਦੀ ਆਈਐਸਆਈ ਤੋਂ ਸਮਰਥਨ ਪ੍ਰਾਪਤ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕੈਨੇਡਾ ਆਧਾਰਿਤ ਗੈਂਗਸਟਰਾਂ ਨਾਲ ਸਬੰਧਤ ਉਕਤ ਚਾਰ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦਾ ਸਬੰਧ ਕੈਨੇਡਾ ਆਧਾਰਿਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਆਸਟ੍ਰੇਲੀਆ ਆਧਾਰਿਤ ਗੈਂਗਸਟਰ ਗੁਰਜੰਟ ਸਿੰਘ ਉਰਫ਼ ਜੰਟਾ ਨਾਲ ਹੈ। ਮੁਲਜ਼ਮ ਮੁਹਾਲੀ ਵਿੱਚ ਕਿਸੇ ਹਾਈ ਪ੍ਰੋਫਾਈਲ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਪੰਜਾਬ ਪੁਲੀਸ ਦੇ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਗੁਪਤ ਸੂਚਨਾ ਮਿਲਣ ’ਤੇ ਦਿੱਲੀ ਪੁਲੀਸ ਦੀ ਮਦਦ ਨਾਲ ਇੱਕ ਸਾਂਝੇ ਅਪਰੇਸ਼ਨ ਦੌਰਾਨ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਹੈਂਡ ਗਰੇਨੇਡ (ਪੀ-86), ਇੱਕ ਆਈਈਡੀ ਅਤੇ 9 ਐਮਐਮ ਦੇ ਦੋ ਵਿਦੇਸੀ ਪਿਸਤੌਲ ਸਮੇਤ 40 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮ ਨੂੰ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਸਰਹੱਦੋਂ ਪਾਰੋਂ ਤਸਕਰੀ ਵਿੱਚ ਮਾਮਲੇ ਵਿੱਚ ਸ਼ਾਮਲ ਸਨ। ਗ੍ਰਿਫ਼ਤਾਰੀ ਸਮੇਂ ਇਹ ਸਾਰੇ ਮੁਲਜ਼ਮ ਵਿਪਨ ਜਾਖੜ ਦੇ ਘਰ ਵਿੱਚ ਲੁਕੇ ਹੋਏ ਸਨ।
ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਅਰਸ਼ ਡੱਲਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਅਮਨ-ਸਾਂਤੀ ਭੰਗ ਕਰਨ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ ਪਰ ਉਹ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਪੁਲੀਸ ਦੇ ਧੱਕੇ ਚੜ੍ਹ ਗਏ। ਦੀਪਕ ਸਰਮਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਪੰਜਾਬ ਪੁਲੀਸ ਨੂੰ ਦੋ ਮਾਮਲਿਆਂ ਮੋਗਾ ਦੇ ਜਸਵਿੰਦਰ ਸਿੰਘ ਉਰਫ਼ ਜੱਸੀ, ਜੋ ਮਾਰਚ 2022 ਵਿੱਚ ਮਾਰਿਆ ਗਿਆ ਸੀ, ਦੇ ਕਤਲ ਅਤੇ ਜੂਨ 2022 ਵਿੱਚ ਪਿੰਡ ਡੱਲਾ, ਮੋਗਾ ਦੇ ਪੰਚਾਇਤ ਸਕੱਤਰ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ। ਸੰਦੀਪ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ, ਨੇ ਪੰਚਾਇਤ ਸਕੱਤਰ ਦੇ ਘਰ ਗੋਲੀਬਾਰੀ ਕਰਨ ਲਈ ਦੀਪਕ ਨੂੰ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਸੀ।
ਮੁਲਜ਼ਮ ਸੰਨੀ ਡਾਗਰ ਵੀ ਪੈਰੋਲ ’ਤੇ ਜੇਲ ’ਚੋਂ ਬਾਹਰ ਆਇਆ ਹੈ, ਉਹ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਸਰਗਰਮ ਨੀਰਜ ਬਵਾਨਾ ਗੈਂਗ ਅਤੇ ਟਿੱਲੂ ਤਾਜਪੁਰੀਆ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਹ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਸੰਨੀ ਡਾਗਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੀਪਕ ਸ਼ਰਮਾ ਅਤੇ ਸੰਦੀਪ ਨੂੰ ਲੁਕਣ ਲਈ ਥਾਂ ਮੁਹੱਈਆ ਕਰਵਾ ਰਿਹਾ ਸੀ।