
ਲੁੱਟ-ਖੋਹ: ਫਾਇਨਾਂਸ ਕੰਪਨੀ ਦੇ ਕਰਮਚਾਰੀ ਸਣੇ ਤਿੰਨ ਮੁਲਜ਼ਮਾਂ ਦਾ ਪੁਲੀਸ ਰਿਮਾਂਡ
ਸਰਕਾਰੀ ਹਸਪਤਾਲ ਵਿੱਚ ਮੈਡੀਕਲ ਦੌਰਾਨ ਮੁਲਜ਼ਮਾਂ ਦਾ ਕਰੋਨਾ ਟੈੱਸਟ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਸੋਹਾਣਾ ਪੁਲੀਸ ਵੱਲੋਂ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਤੋਂ ਲਾਂਡਰਾਂ ਮੁੱਖ ਸੜਕ ’ਤੇ ਸਥਿਤ ਫਾਇਨਾਂਸ ਕੰਪਨੀ ਦੇ ਦਫ਼ਤਰ ’ਚੋਂ 90 ਹਜ਼ਾਰ ਰੁਪਏ ਲੁੱਟਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੰਪਨੀ ਦੇ ਕਰਮਚਾਰੀ ਵਿਨੋਦ ਕੁਮਾਰ ਅਤੇ ਉਸ ਦੇ ਦੋਸਤਾਂ ਵਿਜੈ ਕੁਮਾਰ ਅਤੇ ਅਕਾਸ਼ ਸੁਸੋਦੀਆਂ ਤਿੰਨੇ ਵਾਸੀ ਮਲੌਟ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਟੈੱਸਟ ਵੀ ਕਰਵਾਇਆ ਗਿਆ।
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ 90 ਹਜ਼ਾਰ ਲੁੱਟ ਦੀ ਰਾਸ਼ੀ ’ਚੋਂ 68 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ ਬਾਕੀ 22 ਹਜ਼ਾਰ ਰੁਪਏ ਬਰਾਮਦ ਕਰਨੇ ਹਨ ਅਤੇ ਪੁੱਛਗਿੱਛ ਦੌਰਾਨ ਇਹ ਵੀ ਪਤਾ ਕਰਨਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਲੁੱਟ-ਖੋਹ ਜਾਂ ਚੋਰੀਆਂ ਦੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਸੋਹਾਣਾ ਥਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਅਤੇ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਨੇ ਆਪਣੇ ਸਕੂਲ ਸਮੇਂ ਦੇ ਦੋਸਤਾਂ ਨਾਲ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪਿਛਲੇ ਦਿਨੀਂ ਫਾਇਨਾਂਸ ਕੰਪਨੀ ਵਿੱਚ ਲੁੱਟ-ਖੋਹ ਦੀ ਘਟਨਾ ਵਾਪਰੀ ਸੀ। ਦੋ ਲੁਟੇਰੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸੀ, ਕੰਪਨੀ ਦਫ਼ਤਰ ਵਿੱਚ ਆਏ ਅਤੇ ਕਾਊਂਟਰ ’ਤੇ ਬੈਠੀ ਮਹਿਲਾ ਮੁਲਾਜ਼ਮ ਕੋਲੋਂ 90 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸੀ। ਲੁਟੇਰੇ ਮਹਿਲਾ ਮੁਲਾਜ਼ਮ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਏ ਸਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੀ 19 ਜੂਨ ਨੂੰ ਮਹਿਲਾ ਕਰਮਚਾਰੀ ਨੇ ਦਫ਼ਤਰੀ ਸਟਾਫ਼ ’ਚੋਂ ਵਿਨੋਦ ਕੁਮਾਰ ਨੂੰ ਪੈਸੇ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਆਖਿਆ ਸੀ। ਵਿਨੋਦ ਨੇ ਯੋਜਨਾ ਤਹਿਤ ਥੋੜ੍ਹੀ ਦੇਰ ਬਾਅਦ ਬੈਂਕ ਜਾਣ ਦਾ ਬਹਾਨਾ ਲਗਾ ਕੇ ਅਚਾਨਕ ਦਫ਼ਤਰ ’ਚੋਂ ਬਾਹਰ ਆ ਗਿਆ ਅਤੇ ਆਪਣੇ ਸਾਥੀਆਂ ਨੂੰ ਪੈਸਿਆਂ ਬਾਰੇ ਫੋਨ ’ਤੇ ਇਤਲਾਹ ਦਿੱਤੀ ਗਈ। ਇਸ ਤਰ੍ਹਾਂ ਵਿਜੈ ਕੁਮਾਰ ਅਤੇ ਅਕਾਸ਼ ਸੁਸੋਦੀਆਂ ਦਫ਼ਤਰ ਵਿੱਚ ਆਏ ਅਤੇ ਮਹਿਲਾ ਮੁਲਾਜ਼ਮ ਤੋਂ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ।