nabaz-e-punjab.com

ਐਸਟੀਐਫ਼ ਵੱਲੋਂ 270 ਗਰਾਮ ਹੈਰੋਇਨ ਸਮੇਤ ਨਾਇਜੀਰੀਅਨ ਗ੍ਰਿਫ਼ਤਾਰ

ਐਸਟੀਐਫ਼ ਨੇ ਗੁਪਤ ਸੂਚਨਾ ’ਤੇ ਸਨਅਤੀ ਏਰੀਆ ਫੇਜ਼-8ਬੀ ਨੇੜਿਓਂ ਮੁਲਜ਼ਮ ਨੂੰ ਕੀਤਾ ਕਾਬੂ

ਪੰਜ ਸਾਲ ਪਹਿਲਾਂ 2013 ਵਿੱਚ ਵਿਦਿਆਰਥੀ ਵੀਜ਼ੇ ’ਤੇ ਭਾਰਤ ਆਇਆ ਸੀ ਨਾਇਜੀਰੀਅਨ

ਡਿਗਰੀ ਹਾਸਲ ਕਰਨ ਤੋਂ ਬਾਅਦ ਵਾਪਸ ਆਪਣੇ ਦੇਸ਼ ਜਾਣ ਦੀ ਬਜਾਏ ਨਸ਼ਿਆਂ ਦੀ ਤਸਕਰੀ ਕਰਨ ਲੱਗ ਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਐਤਵਾਰ ਨੂੰ ਇੱਕ ਨਾਇਜੀਰੀਅਨ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ 270 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਨਾਇਜੀਰੀਅਨ ਮਮੀਸੋਮਾ ਲਾਂਡਰਾਂ ਨੇੜੇ ਟੀਡੀਆਈ ਸਿਟੀ ਵਿੱਚ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨਾਇਜੀਰੀਅਨ ਨਸ਼ਿਆਂ ਦੀ ਤਸਕਰੀ ਕਰਦਾ ਹੈ ਅਤੇ ਅੱਜ ਉਹ ਮੁਹਾਲੀ ਵਿੱਚ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-8ਬੀ ਵਿੱਚ ਨਾਕਾਬੰਦੀ ਕਰਕੇ ਨਾਇਜੀਰੀਅਨ ਨੂੰ 270 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨਾਇਜੀਰੀਅਨ ਕਰੀਬ 5 ਸਾਲ ਪਹਿਲਾਂ 2013 ਵਿੱਚ ਵਿਦਿਆਰਥੀ ਵੀਜ਼ੇ ’ਤੇ ਭਾਰਤ ਆਇਆ ਸੀ। ਮੁਲਜ਼ਮ ਨੇ ਪਿਛਲੇ ਸਾਲ ਹੀ ਮੁਹਾਲੀ ਇੱਕ ਪ੍ਰਾਈਵੇਟ ਕਾਲਜ ’ਚੋਂ ਡਿਗਰੀ ਦੀ ਪੜ੍ਹਾਈ ਮੁਕੰਮਲ ਕੀਤੀ ਹੈ ਪ੍ਰੰਤੂ ਵਾਪਸ ਜਾਣ ਦੀ ਬਜਾਏ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਸ਼ਿਆਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ। ਉਂਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਮੀਸੋਮਾ ਵਾਪਸ ਆਪਣੇ ਦੇਸ਼ ਨਾਇਜੀਰੀਆ ਜਾਣਾ ਚਾਹੁੰਦਾ ਸੀ ਪ੍ਰੰਤੂ ਉਸ ਕੋਲ ਪੈਸੇ ਨਾ ਹੋਣ ਕਾਰਨ ਉਹ ਵਾਪਸ ਨਹੀਂ ਜਾ ਸਕਿਆ ਅਤੇ ਇਸ ਦੌਰਾਨ ਉਸ ਨੇ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਧੰਦਾ ਸ਼ੁਰੂ ਕਰ ਲਿਆ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਉਹ ਦਿੱਲੀ ਤੋਂ 700 ਰੁਪਏ ਪ੍ਰਤੀ ਗਰਾਮ ਹੈਰੋਇਨ ਖਰੀਦ ਕੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ 3 ਹਜ਼ਾਰ ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਵੇਚਦਾ ਸੀ। ਉਂਜ ਮੁਲਜ਼ਮ ਕਈ ਹੋਰਨਾਂ ਸ਼ਹਿਰਾਂ ਵਿੱਚ ਵੀ ਨਸ਼ਿਆਂ ਦੀ ਸਪਲਾਈ ਦੇ ਚੁੱਕਾ ਹੈ। ਉਸ ਦਾ ਓਬੀਨਾ ਨਾਂਅ ਦਾ ਇੱਕ ਨਾਇਜੀਰੀਅਨ ਹਿੱਸੇਦਾਰ ਹੈ, ਜੋ ਕਿ ਸ਼ਿਵਜੋਤ ਇਨਕਲੇਵ ਖਰੜ ਵਿੱਚ ਰਹਿੰਦਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …