
ਪਹਿਲਕਦਮੀ: ਕਿਸੇ ਬਜ਼ੁਰਗ, ਅੌਰਤਾਂ ਜਾਂ ਨਾਬਾਲਗ ਨੂੰ ਜਾਂਚ ਲਈ ਥਾਣੇ ਨਾ ਬੁਲਾਇਆ ਜਾਵੇ: ਐਸਐਸਪੀ
ਮੁਹਾਲੀ ਵਿੱਚ ਸਟਰੀਟ ਕ੍ਰਾਈਮ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ, ਨੌਜਵਾਨਾਂ ਨੂੰ ਜ਼ਾਬਤੇ ਵਿੱਚ ਰਹਿਣ ਦੀ ਹਦਾਇਤ
ਨਵੇਂ ਐਸਐਸਪੀ ਸਤਿੰਦਰ ਸਿੰਘ ਵੱਲੋਂ ਬਜ਼ੁਰਗ ਨਾਗਰਿਕਾਂ ਪ੍ਰਤੀ ਸੁਹਿਰਦਤਾ ਦਾ ਪ੍ਰਗਟਾਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਮੁਹਾਲੀ ਦੇ ਨਵੇਂ ਐਸਐਸਪੀ ਸਤਿੰਦਰ ਸਿੰਘ ਵੱਲੋਂ ਬਜ਼ੁਰਗ ਨਾਗਰਿਕਾਂ ਪ੍ਰਤੀ ਸੁਹਿਰਦਤਾ ਜ਼ਾਹਰ ਕਰਦਿਆਂ ਪੁਲੀਸ ਅਧਿਕਾਰੀਆਂ ਖਾਸ ਕਰਕੇ ਸਮੂਹ ਐਸਐਚਓਜ਼ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਬਜ਼ੁਰਗ ਨੂੰ ਕਿਸੇ ਵੀ ਪ੍ਰਕਾਰ ਦੀ ਜਾਂਚ ਲਈ ਥਾਣੇ ਨਾ ਸੱਦਿਆ ਜਾਵੇ। ਇੰਜ ਹੀ ਅੌਰਤਾਂ ਅਤੇ ਨਾਬਾਲਗਾਂ ਲਈ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। ਐਸਐਸਪੀ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਸਮੁੱਚੇ ਜ਼ਿਲੇ੍ਹ ਅੰਦਰ ਇਹ ਦਿਸ਼ਾ-ਨਿਰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ।
ਐਸਐਸਪੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਦਫ਼ਤਰ ਵਿੱਚ ਇਕ 83 ਸਾਲ ਦਾ ਬਜ਼ੁਰਗ ਮਿਲਣ ਆਇਆ ਸੀ। ਜਿਸ ਦਾ ਕਹਿਣਾ ਸੀ ਕਿ ਪੁਲੀਸ ਅਧਿਕਾਰੀ ਉਸ ਨੂੰ ਵਾਰ-ਵਾਰ ਥਾਣੇ ਸੱਦ ਕੇ ਖੱਜਲ-ਖੁਆਰ ਕਰ ਰਹੇ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਬਣਦਾ ਮਾਣ ਸਨਮਾਣ ਦੇਣਾ ਚਾਹੀਦਾ ਹੈ ਅਤੇ ਬਜ਼ੁਰਗਾਂ ਨਾਲ ਸਲੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਐਸਐਸਪੀ ਨੇ ਸਪੱਸ਼ਟ ਕੀਤਾ ਕਿ ਉਹ ਲੋਕ ਹਿਤੈਸ਼ੀ ਪੁਲਸਿੰਗ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਆਪਣੇ ਬੋਲਾਂ ’ਤੇ ਖਰੇ ਉੱਤਰਦਿਆਂ ਉਨ੍ਹਾਂ ਇਹ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਤਾਜ਼ਾ ਦਿਸ਼ਾ-ਨਿਰਦੇਸ਼ ਤਹਿਤ ਹੁਣ ਬਜ਼ੁਰਗਾਂ ਅਤੇ ਅੌਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਥਾਣੇ ਵਿੱਚ ਨਹੀਂ ਜਾਣਾ ਪਵੇਗਾ। ਸਗੋਂ ਸਬੰਧਤ ਥਾਣੇ ਦਾ ਸਟਾਫ਼ ਬਜ਼ੁਰਗ ਨਾਲ ਗੱਲ ਕਰਨ ਜਾਂ ਬਿਆਨ ਲੈਣ ਲਈ ਉਸ ਦੇ ਘਰ ਜਾਵੇਗਾ।
ਐਸਐਸਪੀ ਨੇ ਕਿਹਾ ਕਿ ਮੁਹਾਲੀ ਨੂੰ ਅਪਰਾਧ ਮੁਕਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਸਟਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ ਨੇਪਰੇ ਨਹੀਂ ਚੜ੍ਹਦਾ ਹੈ। ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਉਹ ਸਮਾਜਿਕ ਜ਼ਾਬਤੇ ਵਿੱਚ ਰਹਿਣ ਨਹੀਂ ਤਾਂ ਪੁਲੀਸ ਨੂੰ ਸਖ਼ਤੀ ਵਰਤਣੀ ਪਵੇਗੀ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਸ਼ਰ੍ਹੇਆਮ ਹੁੱਲੜਬਾਜ਼ੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖ਼ਸ਼ਿਆਂ ਨਹੀਂ ਜਾਵੇਗਾ।