Nabaz-e-punjab.com

ਪੁਲੀਸ ਚੌਕਸੀ ਦੇ ਬਾਵਜੂਦ ਫੇਜ਼-11 ਦੀ ਮਾਰਕੀਟ ਵਿੱਚ ਸ਼ੋਅਰੂਮ ਦਾ ਤਾਲਾ ਤੋੜ ਕੇ ਚੋਰੀ

ਬੈਂਕ ਦੇ ਬਾਹਰ ਲੱਗਿਆ ਸੀਸੀਟੀਵੀ ਕੈਮਰਾ ਵੀ ਪੁੱਟ ਕੇ ਲੈ ਗਏ ਅਣਪਛਾਤੇ ਚੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਭਾਰਤ ਅਤੇ ਪਾਕਿਸਤਾਨ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਲੈ ਕੇ ਪੈਦਾ ਹੋਏ ਤਣਾਅ ਤੋਂ ਬਾਅਦ ਭਾਵੇਂ ਮੁਹਾਲੀ ਵਿੱਚ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ ਪ੍ਰੰਤੂ ਇਸ ਦੇ ਬਾਵਜੂਦ ਲੰਘੀ ਰਾਤ ਅਣਪਛਾਤੇ ਚੋਰਾਂ ਨੇ ਇੱਥੋਂ ਦੇ ਫੇਜ਼-11 ਦੇ ਸ਼ੋਅਰੂਮ ਨੰਬਰ-3 ਵਿੱਚ ਜੋਸਨ ਸੂਟਕੇਸ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਇਸ ਸ਼ੋਅਰੂਮ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜੋਸਨ ਸੂਟਕੇਸ ਨਾਮੀ ਸ਼ੋਅਰੂਮ ਦੇ ਮਾਲਕ ਜਗਦੀਪ ਸਿੰਘ ਅਤੇ ਕਾਰੋਬਾਰੀ ਹਰਜੀਤ ਸਿੰਘ ਜੋਸਨ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਉਨ੍ਹਾਂ ਦੇ ਸ਼ੋਅਰੂਮ ਦੇ ਨਾਲ ਸਥਿਤ ਜਿੰਮ ਵਾਲੇ ਨੇ ਫੋਨ ਕੀਤਾ ਸੀ ਕਿ ਉਨ੍ਹਾਂ ਦੇ ਸ਼ੋਅਰੂਮ ਦਾ ਸ਼ਟਰ ਟੁੱਟਿਆ ਪਿਆ ਹੈ ਅਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਸ਼ੋਅਰੂਮ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਸ਼ੋਅਰੂਮ ’ਚੋਂ ਕਾਫੀ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਗਲੇ ਵਿੱਚ ਪਈ ਕਰੀਬ 10-15 ਹਜ਼ਾਰ ਰੁਪਏ ਦੀ ਨਕਦੀ ਅਤੇ ਲਗਭਗ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਫੋਨ ’ਤੇ ਚੋਰੀ ਦੀ ਵਾਰਦਾਤ ਬਾਰੇ ਇਤਲਾਹ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਨੰਬਰ 1 ਵਿੱਚ ਸਥਿਤ ਬੈਂਕ ਦੇ ਬਾਹਰ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਪ੍ਰੰਤੂ ਚੋਰ ਬੈਂਕ ਦਾ ਕੈਮਰਾ ਵੀ ਉਤਾਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਬੈਂਕ ਵਿੱਚ ਹੋਈ ਕੈਮਰੇ ਦੀ ਰਿਕਾਰਡਿੰਗ ਵਿੱਚ ਦੋ ਵਿਅਕਤੀ ਨਜ਼ਰ ਆ ਰਹੇ ਹਨ। ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਢਕੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਭੇਤੀ ਦਾ ਕੰਮ ਲਗਦਾ ਹੈ।
ਉਧਰ, ਥਾਣਾ ਫੇਜ਼-11 ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬੈਂਕ ’ਚੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕੀਤੀ ਗਈ ਹੈ ਅਤੇ ਮੌਕੇ ਤੋਂ ਫਿੰਗਰ ਪਿੰ੍ਰਟ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਚੋਰਾਂ ਵੱਲੋਂ ਪਹਿਲਾਂ ਇਸ ਸ਼ੋਅਰੂਮ ਦੀ ਰੈਕੀ ਕਰਕੇ ਬੈਂਕ ਦਾ ਕੈਮਰਾ ਉਤਾਰਿਆ ਗਿਆ ਅਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਚੋਰੀ ਦਾ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…