
ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਥਾਣਿਆਂ ਵਿੱਚ ਕੈਂਪ ਲਾਏਗੀ ਪੁਲੀਸ: ਐੱਸਐੱਸਪੀ
ਸਬੰਧਤ ਵਿਅਕਤੀਆਂ ਨੂੰ ਨਜ਼ਦੀਕੀ ਪੁਲੀਸ ਥਾਣਿਆਂ ਅਤੇ ਯੂਨਿਟਾਂ ਵਿੱਚ ਜਾਣ ਦੀ ਅਪੀਲ ਕੀਤੀ
ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਮੁਹਾਲੀ ਪੁਲੀਸ ਨੇ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਹਿਲਕਦਮੀ ਕਰਦਿਆਂ ਮੁਹਾਲੀ ਜ਼ਿਲ੍ਹੇ ਦੇ ਸਮੂਹ ਥਾਣਿਆਂ, ਪੁਲੀਸ ਚੌਂਕੀਆਂ ਅਤੇ ਸਾਂਝ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਪੈਂਡਿੰਗ ਦਾ ਨਿਬੇੜਾ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਮੁਹਾਲੀ ਦੇ ਥਾਣਿਆਂ ਵਿੱਚ ਵੱਡੀ ਮਾਤਰਾ ਵਿੱਚ ਪੀੜਤ ਲੋਕਾਂ ਦੀਆਂ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ ਅਤੇ ਹੁਣ ਤੱਕ ਕਾਫ਼ੀ ਲੋਕ ਅਤੇ ਸੰਸਥਾਵਾਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਕੀਤੇ ਗਏ ਹਨ।
ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਇੱਥੇ ਕਿਹਾ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਪੁਲੀਸ ਸਟੇਸ਼ਨ ਪੱਧਰ ਅਤੇ ਜ਼ਿਲ੍ਹਾ ਪੁਲੀਸ ਦੀਆਂ ਹੋਰ ਇਕਾਈਆਂ ਪੱਧਰ ’ਤੇ ਲੰਬਿਤ ਸ਼ਿਕਾਇਤਾਂ ਦਾ ਸੁਚਾਰੂ ਢੰਗ ਨਾਲ ਹੱਲ ਕਰਨ ਲਈ ਭਲਕੇ 19 ਅਪਰੈਲ (ਸ਼ਨਿੱਚਰਵਾਰ) ਨੂੰ ਪੁਲੀਸ ਸਟੇਸ਼ਨ ਅਤੇ ਯੂਨਿਟ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਐੱਸਐੱਸਪੀ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਲੰਬਿਤ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾਵੇਗਾ। ਉਨ੍ਹਾਂ ਨੇ ਵੱਖ-ਵੱਖ ਪੁਲੀਸ ਥਾਣਿਆਂ ਅਤੇ ਹੋਰ ਇਕਾਈਆਂ ਕੋਲ ਲੰਬਿਤ ਸ਼ਿਕਾਇਤਾਂ ਨਾਲ ਸਬੰਧਤ ਸ਼ਿਕਾਇਤਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ/ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਪੁਲੀਸ ਸਟੇਸ਼ਨ ਜਾਂ ਪੁਲੀਸ ਯੂਨਿਟ ਨਾਲ ਤਾਲਮੇਲ ਕਰਕੇ ਭਲਕੇ ਕੈਂਪ ਵਿੱਚ ਆਪਣੀ ਸ਼ਮੂਲੀਅਤ ਲਾਜ਼ਮੀ ਬਣਾਉਣ ਤਾਂ ਜੋ ਉਨ੍ਹਾਂ ਦੀਆਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਲਗਾਏ ਜਾਣਗੇ ਅਤੇ ਉਹ ਖ਼ੁਦ ਵੀ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਨਿਰੀਖਣ ਕਰਨਗੇ।