
ਪੁਲੀਸ ਕਰਮਚਾਰੀ ਦੀ ਭੇਤਭਰੀ ਹਾਲਤ ਵਿੱਚ ਮੌਤ, ਗੋਲੀ ਲੱਗਣ ਨਾਲ ਹੋਈ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਇੱਥੋਂ ਦੇ ਫੇਜ਼-9 ਸਥਿਤ ਇੱਕ ਹੋਟਲ ਵਿੱਚ ਪੰਜਾਬ ਪੁਲੀਸ ਦੇ ਮੁਲਜ਼ਮ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਪੁਲੀਸ ਕਰਮਚਾਰੀ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਉਹ ਪੁਲੀਸ ਲਾਈਨ ਵਿੱਚ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ ਕਰਮਚਾਰੀ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ। ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਹੋਟਲ ਦੇ ਸਟਾਫ਼ ਮੈਂਬਰ ਰੂਮ ਵਿੱਚ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਅਸ਼ਵਨੀ ਕੁਮਾਰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ। ਹੋਟਲ ਸਟਾਫ਼ ਨੇ ਹੀ ਜ਼ਖ਼ਮੀ ਹਾਲਤ ਵਿੱਚ ਅਸ਼ਵਨੀ ਨੂੰ ਜੀਐਮਸੀਐਚ ਸੈਕਟਰ-32, ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ।
ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਰਮਚਾਰੀ ਦੇ ਪਿਤਾ ਈਸ਼ਵਰ ਕੁਮਾਰ ਵੀ ਚੰਡੀਗੜ੍ਹ ਪੁਲੀਸ ਵਿੱਚ ਸਬ ਇੰਸਪੈਕਟਰ ਵਜੋਂ ਤਾਇਨਾਤ ਹਨ ਅਤੇ ਇਸ ਸਮੇਂ ਸੈਕਟਰ-19 ਥਾਣੇ ਵਿੱਚ ਤਾਇਨਾਤ ਹਨ। ਅਸ਼ਵਨੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਕਿਸੇ ਨੂੰ ਫੋਨ ਕੀਤਾ ਸੀ। ਦੱਸਿਆ ਗਿਆ ਹੈ ਕਿ ਉਹ ਕਿਸੇ ਗੱਲ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸੀ। ਸ਼ਾਇਦ ਉਸੇ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਹੋਟਲ ਦੇ ਕਮਰੇ ਦੀ ਕੰਧ ਵਿੱਚ ਦੋ ਗੋਲੀਆਂ ਲੱਗਣ ਦੇ ਨਿਸ਼ਾਨ ਸਨ। ਹੋਟਲ ਦੇ ਬਾਥਰੂਮ ਵਿੱਚ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ। ਪੁਲੀਸ ਕਰਮਚਾਰੀ ਦੀਆਂ ਲੱਤਾਂ ਬਾਥਰੂਮ ਦੇ ਬਾਹਰ ਸਨ ਜਦੋਂਕਿ ਸਿਰ ਵਾਲਾ ਪਾਸਾ ਬਾਥਰੂਮ ਦੇ ਅੰਦਰ ਸੀ।
ਉਧਰ, ਸੰਪਰਕ ਕਰਨ ’ਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਮ੍ਰਿਤਕ ਕਰਮਚਾਰੀ ਦੇ ਪਿਤਾ ਈਸ਼ਵਰ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।