ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਆਮ ਨਿਯੁਕਤੀਆਂ ਤੇ ਬਦਲੀਆਂ ਬਾਰੇ ਨੀਤੀ ਜਾਰੀ

ਨਵੀਂ ਨੀਤੀ ਸਿੱਖਿਆ ਵਿਭਾਗ ਤੇ ਉਚੇਰੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਉੱਤੇ ਨਹੀਂ ਹੋਵੇਗੀ ਲਾਗੂ

1 ਮਈ ਤੋਂ 31 ਮਈ 2017 ਤੱਕ ਕੀਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਬਦਲੀਆਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਪਰੈਲ:
ਪੰਜਾਬ ਸਰਕਾਰ ਨੇ ਸਾਲ 2017-18 ਦੌਰਾਨ ਰਾਜ ਵਿੱਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਆਮ ਨਿਯੁਕਤੀਆਂ ਤੇ ਬਦਲੀਆਂ ਬਾਰੇ ਸੇਧਾਂ ਜਾਰੀ ਕੀਤੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਬਦਲੀਆਂ 1 ਮਈ ਤੋਂ 31 ਮਈ, 2017 ਤੱਕ ਕੀਤੀਆਂ ਜਾਣਗੀਆਂ। ਇਹਨਾਂ ਬਦਲੀਆਂ ਲਈ ਅਪਣਾਈਆਂ ਜਾਣ ਵਾਲੀਆਂ ਵਿਸ਼ਾਲ ਸੇਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਦੀ ਬਦਲੀਆਂ ਬਾਰੇ ਨੀਤੀ ਤਹਿਤ ਇਸ ਵਾਰੀ ਬਦਲੀਆਂ ਘੱਟ ਤੋਂ ਘੱਟ ਕੀਤੀਆਂ ਜਾਣਗੀਆਂ। ਬੁਲਾਰੇ ਨੇ ਇਹ ਵੀ ਦੱਸਿਆ ਕਿ ਜਿਹੜੇ ਗਜ਼ਟਿਡ ਜਾਂ ਨਾਨ-ਗਜ਼ਟਿਡ ਕਰਮਚਾਰੀ ਅਗਲੇ ਦੋ ਸਾਲਾਂ ਵਿੱਚ ਸੇਵਾ-ਮੁਕਤ ਹੋਣ ਵਾਲੇ ਹਨ, ਉਨ੍ਹਾਂ ਨੂੰ ਜਿਥੋਂ ਤੱਕ ਸੰਭਵ ਹੋ ਸਕਿਆ ਨਿਯੁਕਤੀ ਵਾਲੇ ਉਸੇ ਸਥਾਨ ਉੱਤੇ ਹੀ ਰਹਿਣ ਦਿੱਤਾ ਜਾਵੇਗਾ।
ਪਤੀ-ਪਤਨੀ ਵਾਲੇ ਕੇਸਾਂ ਸਬੰਧੀ ਬਦਲੀਆਂ ਦੀ ਨੀਤੀ ਦਾ ਹਵਾਲਾ ਦੇਂਦਿਆਂ ਬੁਲਾਰੇ ਨੇ ਕਿਹਾ ਕਿ ਜੇਕਰ ਪਤੀ-ਪਤਨੀ ਦੋਵੇਂ ਸਰਕਾਰੀ ਸੇਵਾ ਵਿੱਚ ਹਨ ਤਾਂ ਸਰਕਾਰ ਉਨਾਂ ਨੂੰ ਪੰਜ ਸਾਲ ਤੱਕ ਇਕੋ ਸਟੇਸ਼ਨ ਤੇ ਰੱਖਣ ਦੀ ਇਛੁੱਕ ਹੈ ਅਤੇ ਉਸ ਉਪਰੰਤ ਤਬਾਦਲਾ ਨੀਤੀ ਤਹਿਤ ਉਨਾਂ ਦੀ ਬਦਲੀ ਕੀਤੀ ਜਾ ਸਕਦੀ ਹੈ। ਉਨਾਂ ਕੇਸਾਂ ਵਿੱਚ ਵੀ ਇਹੋ ਪ੍ਰਣਾਲੀ ਅਪਣਾਈ ਜਾਵੇਗੀ। ਫਿਰ ਵੀ ਅਣਵਿਆਹੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਜਿਥੋਂ ਤੱਕ ਸੰਭਵ ਹੋ ਸਕਿਆ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕੀਤਾ ਜਾਵੇਗਾ। ਜਿਨ੍ਹਾਂ ਕੇਸਾਂ ਵਿੱਚ ਪਤੀ-ਪਤਨੀ ਸਰਕਾਰੀ ਨੌਕਰੀ ਵਿਚ ਹੋਵੇ, ਪਤੀ ਕਿਸੇ ਪ੍ਰਾਈਵੇਟ ਰੋਜਗਾਰ ਵਿੱਚ ਹੋਵੇ ਤਾਂ ਉਨ੍ਹਾਂ ਦੇ ਕੇਸ ਵਿੱਚ ਵੀ ਅਜਿਹੀ ਨੀਤੀ ਹੀ ਅਪਣਾਈ ਜਾਵੇ।
ਬੁਲਾਰੇ ਨੇ ਕਿਹਾ ਕਿ ਅਪਾਹਜ਼ ਅਤੇ ਨੇਤਰਹੀਣ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੁੰ ਵੇਖਦਿਆਂ ਸਰਕਾਰ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕਰਨ ਦਾ ਯਤਨ ਕਰੇਗੀ। ਅਜਿਹੇ ਕਰਮਚਾਰੀਆਂ ਨੁੰ ਉਨਾਂ ਦੇ ਘਰਾਂ ਦੇ ਸਭ ਤੋਂ ਨੇੜਲੇ ਸਟੇਸ਼ਨ ਤੇ ਨਿਯੁਕਤ ਕੀਤਾ ਜਾਵੇਗਾ। ਜਿਨਾਂ ਸਰਕਾਰੀ ਅਫਸਰਾਂ ਜਾਂ ਕਰਮਚਾਰੀਆਂ ਦਾ ਕੋਈ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੋਵੇਗਾ ਅਜਿਹੇ ਕਰਮਚਾਰੀ ਨੂੰ ਵੀ ਉਸ ਦੀ ਮਰਜ਼ੀ ਦੀ ਥਾਂ ਤੇ ਨਿਯੁਕਤ ਕਰਨ ਦਾ ਯਤਨ ਕੀਤਾ ਜਾਵੇਗਾ।
ਬੁਲਾਰੇ ਨੇ ਅੱਗੇ ਕਿਹਾ ਕਿ ਇਕੋ ਥਾਂ ਉਤੇ ਘੱਟ ਤੋ‘ ਘੱਟ ਜਾਂ ਵੱਧ ਤੋਂ ਵੱਧ ਸਮਾਂ ਨਿਯੁਕਤ ਰਹਿਣ ਲਈ ਕ੍ਰਮਵਾਰ 3 ਅਤੇ 5 ਸਾਲ ਦਾ ਸਮਾਂ ਗਿਣਿਆ ਜਾਵੇਗਾ, ਇਸੇ ਤਰਾਂ ਗਰੁੱਪ ‘ਏ’ ਅਤੇ ਗਰੁੱਪ ‘ਬੀ’ ਦੇ ਅਫਸਰਾਂ ਨੁੰ ਪੂਰੀ ਸੇਵਾ ਦੌਰਾਨ ਕਿਸੇ ਇਕੋ ਜਿਲੇ ਵਿੱਚ 7 ਸਾਲਾਂ ਤੋਂ ਵੱਧ ਸਮੇਂ ਲਈ ਨਿਯੁਕਤ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਦਫ਼ਤਰਾਂ ਵਿੱਚ ਜਿੰਨਾਂ ਸੀਟਾਂ ਦੇ ਕਰਮਚਾਰੀਆਂ ਦਾ ਆਮ ਲੋਕਾਂ ਨਾਲ ਵਧੇਰੇ ਵਾਹ ਪੈਂਦਾ ਹੋਵੇਗਾ ਉਨ੍ਹਾਂ ਕਰਮਚਾਰੀਆਂ ਨੂੰ 2 ਸਾਲਾਂ ਤੋ ਵਧੇਰੇ ਸਮਾਂ ਇਕੋ ਸੀਟ ਤੇ ਨਹੀਂ ਰਹਿਣ ਦਿੱਤਾ ਜਾਵੇਗਾ।
ਬੁਲਾਰੇ ਨੇ ਸਪੱਸਟ ਕੀਤਾ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਇਕ ਥਾਂ ਉਤੇ 3 ਸਾਲਾਂ ਦਾ ਸੇਵਾ ਕਾਲ ਮੁਕੰਮਲ ਨਹੀ ਹੋਇਆ ਉਨ੍ਹਾਂ ਦੀ ਬਦਲੀ ਕੇਵਲ ਕਿਸੇ ਸ਼ਿਕਾਇਤ ਵਿਚ ਸਜ਼ਾ ਦੇ ਆਧਾਰ ‘ਤੇ ਜਾਂ ਕਿਸੇ ਠੋਸ ਪ੍ਰਬੰਧਕੀ ਕਾਰਨ ਹੀ ਕੀਤੀ ਜਾ ਸਕੇਗੀ। ਜਿਨ੍ਹਾਂ ਅਫਸਰਾਂ ਜਾਂ ਕਰਮਚਾਰੀਆਂ ਨੂੰ ਸਰਹੱਦੀ ਖੇਤਰਾਂ, ਬੇਟ ਦੇ ਇਲਾਕੇ ਜਾਂ ਕੰਡੀ ਖੇਤਰ ਵਿੱਚ ਨਿਯੁਕਤ ਕੀਤਾ ਗਿਆ ਹੋਵੇ ਉਹ ਉਥੇ ਘੱਟੋ ਘੱਟ 2 ਸਾਲ ਲਈ ਨਿਯੁਕਤ ਰਹਿਣਗੇ। ਬਾਰਡਰ ਏਰੀਆ, ਬੇਟ ਏਰੀਆ ਅਤੇ ਕੰਡੀ ਏਰੀਆ ਵਿੱਚ ਤੈਨਾਤ ਕੀਤੇ ਕਰਮਚਾਰੀ ਅਤੇ ਅਧਿਕਾਰੀ ਘੱਟ ਤੋੋ ਘੱਟ ਸਮੇ ਲਈ ਉਥੇ ਰਹਿਣੇ ਚਾਹੀਦੇ ਹਨ।
ਜਿਨ੍ਹਾਂ ਸਰਕਾਰੀ ਕਰਮਚਾਰੀਆਂ/ਅਧਿਕਾਰੀਆਂ ਦਾ ਕੋਈ ਬੱਚਾ ਦਿਮਾਗੀ ਤੌਰ ਤੇ ਠੀਕ ਨਾ ਹੋਵੇ ਤਾਂ ਉਨ੍ਹਾਂ ਦੀਆਂ ਤੈਨਾਤੀਆਂ/ਬਦਲੀਆਂ ਕਰਨ ਸਮੇਂ ਉਨ੍ਹਾਂ ਨਾਲ ਹਮਦਰਦੀ ਦਾ ਰਵੱਈਆ ਰੱਖਦੇ ਹੋਏ ਉਨ੍ਹਾਂ ਦੀ ਪਸੰਦ ਦੀ ਥਾਂ ਤੇ ਤੈਨਾਤ ਕਰ ਦਾ ਯਤਨ ਕੀਤਾ ਜਾਵੇ।
ਇਹ ਸਮਾਂ ਸੀਮਾ ਸਿੱਖਿਆ ਵਿਭਾਗ ਅਤੇ ਉੱਚੇਰੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੇ ਲਾਗੂ ਨਹੀ. ਹੋਵੇਗੀ। ਸਿਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਗਲੋ. ਅਧਿਆਪਕਾਂ ਦੀ ਬਦਲੀ ਸਬੰਧੀ ਸਾਫਟਵੇਅਰ ਮਾਨਯੋਗ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਲੈਣ ਉਪਰੰਤ ਤਿਆਰ ਕੀਤਾ ਜਾਵੇਗਾ, ਤਾਂ ਜੋ ਉਸ ਅਨੁਸਾਰ ਉਨ੍ਹਾਂ ਦੀਆਂ ਬਦਲੀਆਂ ਪਾਰਦਰਸੀ ਤਰੀਕੇ ਨਾਲ ਕੀਤੀਆਂ ਜਾ ਸਕਣ। ਵਿਦਿਆਰਥੀਆਂ ਦੇ ਹਿੱਤ ਵਿੱਚ, ਸਕੂਲ ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਬਦਲੀਆਂ ਅਤੇ ਤਾਇਨਾਤੀਆਂ ਉਹਨਾਂ ਅਧੀਨ ਸੰਸਥਾਵਾਂ ਦੇ ਵਿਦਿਅਕ ਵਰ੍ਹੇ ਨੂੰ ਮੁੰਖ ਰੱਖਕੇ ਗਰਮੀਆਂ ਦੀਆਂ ਛੂੱਟੀਆਂ ਦੇ ਸਮੇਂ (summer vacation) ਦੌਰਾਨ ਮਿਤੀ 01.06.2017 ਤੋਂ 30.06.2017 ਤੱਕ ਲਾਗੂ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਈ-ਚਲਾਨ: ਮੁਹਾਲੀ ਵਿੱਚ ਚਾਰ ਦਿਨਾਂ ਵਿੱਚ 6962 ਚਲਾਨ, 110 ਲੋਕਾਂ ਨੇ ਭੁਗਤਿਆਂ ਚਲਾਨ

ਈ-ਚਲਾਨ: ਮੁਹਾਲੀ ਵਿੱਚ ਚਾਰ ਦਿਨਾਂ ਵਿੱਚ 6962 ਚਲਾਨ, 110 ਲੋਕਾਂ ਨੇ ਭੁਗਤਿਆਂ ਚਲਾਨ ਚੰਡੀਗੜ੍ਹ ਤੋਂ ਬਾਅਦ …