
ਪੋਲੀਓ ਮੁਹਿੰਮ: ਤੀਜੇ ਦਿਨ 32,724 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ
ਸਿਹਤ ਵਿਭਾਗ ਵੱਲੋਂ ‘ਸਬ-ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ’ (ਐਸਐਨਆਈਡੀ) ਮੁਹਿੰਮ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 1,44,853 ਬੱਚਿਆਂ ਨੂੰ ਪੋÑਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 1,60,455 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਸੀ ਅਤੇ ਤਿੰਨ ਦਿਨਾਂ ਵਿੱਚ ਲਗਪਗ 90 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ 10 ਫੀਸਦੀ ਟੀਚਾ ਵੀ ਇਕ-ਦੋ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਐਤਵਾਰ ਨੂੰ ਸ਼ੁਰੂ ਹੋਈ ਪੋਲੀਓ ਮੁਹਿੰਮ ਦੇ ਪਹਿਲੇ ਦਿਨ 61,241, ਦੂਜੇ ਦਿਨ 50888 ਅਤੇ ਅੱਜ ਤੀਜੇ ਦਿਨ 32724 ਬੱਚਿਆਂ ਨੂੰ ਪੋਲੀਓ ਦੀ ਖ਼ੁਰਾਕ ਦਿੱਤੀ ਗਈ। ਇਸ ਮੁਹਿੰਮ ਤਹਿਤ ਉੱਚ ਜੋਖ਼ਮ ਵਾਲੇ ਖੇਤਰ, ਪ੍ਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀਆਂ-ਬਸਤੀਆਂ ਸਮੇਤ ਸਾਰੇ ਖੇਤਰ ਕਵਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਜੇਕਰ ਫਿਰ ਵੀ ਕਿਸੇ ਕਾਰਨ ਕੋਈ ਬੱਚਾ ਦਵਾਈ ਨਹੀਂ ਪੀ ਸਕਿਆ ਤਾਂ ਉਸ ਨੂੰ ਨੇੜਲੇ ਸਿਹਤ ਕੇਂਦਰ ਵਿੱਚ ਲਿਜਾ ਕੇ ਦਵਾਈ ਪਿਲਾਈ ਜਾ ਸਕਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਸੂਬੇ ਦਾ ਇਕੋ-ਇਕੋ ਅਜਿਹਾ ਜ਼ਿਲ੍ਹਾ ਹੈ, ਜਿੱਥੇ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਦਵਾਈ ਪਿਲਾਈ ਜਾ ਰਹੀ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਿਰਫ਼ ਪ੍ਰਵਾਸੀ ਬੱਚਿਆਂ ਨੂੰ ਦਵਾਈ ਪਿਲਾਈ ਜਾ ਰਹੀ ਹੈ। ਦਵਾਈ ਪਿਲਾਉਣ ਲਈ 1254 ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ’ਚੋਂ 1100 ਟੀਮਾਂ ਘਰ-ਘਰ ਜਾ ਰਹੀਆਂ ਹਨ ਜਦੋਂਕਿ 41 ਟਰਾਂਜ਼ਿਟ ਟੀਮਾਂ ਹਨ। ਕੁੱਲ 2508 ਵੈਕਸੀਨੇਟਰਾਂ ਤੋਂ ਇਲਾਵਾ 120 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਟੀਮਾਂ ਵਿੱਚ ਡਾਕਟਰ, ਐਲਐਚਵੀ, ਏਐਨਐਮਜ਼, ਹੈਲਥ ਇੰਸਪੈਕਟਰ, ਸਿਹਤ ਵਰਕਰ, ਆਸ਼ਾ ਵਰਕਰ ਸ਼ਾਮਲ ਹਨ।
ਸਿਵਲ ਸਰਜਨ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ, ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।