ਪੋਲਿਓ ਮੁਹਿੰਮ: ਮੁਹਾਲੀ ਜ਼ਿਲ੍ਹੇ ਵਿੱਚ ਪਹਿਲੇ ਦਿਨ 55,617 ਹਜ਼ਾਰ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ

ਨੈਸ਼ਨਲ ਇਮੂਨਾਈਜੇਸ਼ਨ ਡੇਅ ਮੁਹਿੰਮ ਤਹਿਤ 1,59,830 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਐਤਵਾਰ ਨੂੰ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨਆਈਡੀ) ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 55,617 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਇਹ ਮੁਹਿੰਮ 29 ਫਰਵਰੀ ਤੱਕ ਜਾਰੀ ਰਹੇਗੀ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਤਹਿਤ ਉਚ-ਜੋਖਮ ਵਾਲੇ ਖੇਤਰਾਂ, ਭੱਠੇ, ਨਿਰਮਾਣ ਸਥਾਨਾਂ, ਬਸਤੀਆਂ, ਝੁੱਗੀਆਂ, ਡੇਰਿਆਂ ਸਮੇਤ ਸਾਰੇ ਇਲਾਕੇ ਕਵਰ ਕੀਤੇ ਜਾ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 1,59,830 ਬੱਚਿਆਂ ਨੂੰ ਪੋਲਿਓ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਹੈ ਅਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ 407675 ਘਰਾਂ ਵਿੱਚ ਵਿਜ਼ਟ ਕਰਨਗੇ। ਪਹਿਲੇ ਦਿਨ 560 ਬੂਥਾਂ ’ਤੇ ਦਵਾਈ ਪਿਲਾਈ ਗਈ ਹੈ। ਅੱਜ ਕਿਸੇ ਕਾਰਨ ਦਵਾਈ ਲੈਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਪੋਲਿਓ ਦਵਾਈ ਪਿਲਾਉਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੋਲਿਓ ਦਵਾਈ ਪਿਲਾਉਣ ਲਈ 1248 ਟੀਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਟੀਮਾਂ ’ਤੇ ਨਿਗਰਾਨੀ ਰੱਖਣ ਲਈ 123 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਆਪਣੇ ਹਰ ਬੱਚੇ ਨੂੰ ਪੋਲਿਓ ਰੋਕੂ ਦਵਾਈ ਪਿਲਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੂੰ ਪਹਿਲਾਂ ਹੀ ਪੋਲਿਓ-ਮੁਕਤ ਦੇਸ਼ ਐਲਾਨਿਆ ਹੋਇਆ ਹੈ ਪ੍ਰੰਤੂ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਘੰਟੇ ਪਹਿਲਾਂ ਹੀ ਬੱਚੇ ਨੇ ਜਨਮ ਲਿਆ ਹੈ, ਉਸ ਨੂੰ ਵੀ ਪੋਲਿਓ ਦੀ ਖੁਰਾਕ ਜ਼ਰੂਰ ਦਿੱਤੀ ਜਾਵੇ। ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਕਿਉਂ ਨਾ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਪੈਂਦਾ।

ਇਸ ਮੌਕੇ ਸੂਬਾ ਸੁਪਰਵਾਈਜ਼ਰ (ਡਿਪਟੀ ਡਾਇਰੈਕਟਰ) ਡਾ. ਕਵਿਤਾ ਕਾਲੀਆ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਡਾ. ਵਿਕਰਾਂਤ, ਐਸਐਮਓ ਡਾ. ਵਿਜੇ ਭਗਤ, ਡਾ.ਐਚਐਸ ਚੀਮਾ, ਡਾ. ਸੰਗੀਤਾ ਜੈਨ, ਡਾ. ਅਲਕਜੋਤ ਕੌਰ, ਡਾ. ਸੁਰਿੰਦਰਪਾਲ ਕੌਰ, ਡਾ. ਰਵਲੀਨ ਕੌਰ, ਡਾ. ਨਵੀਨ ਕੌਸ਼ਿਕ, ਡਾ. ਰਾਜਿੰਦਰ ਭੂਸ਼ਨ ਆਦਿ ਅਧਿਕਾਰੀਆਂ ਨੇ ਪੋਲਿਓ ਮੁਹਿੰਮ ਦਾ ਨਿਰੀਖਣ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …