ਪੋਲੀਓ ਮੁਹਿੰਮ: ਦੂਜੇ ਦਿਨ 50,888 ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਬੂੰਦਾਂ

ਜ਼ਿਲ੍ਹਾ ਸਿਹਤ ਵਿਭਾਗ ਨੇ 70 ਫੀਸਦੀ ਟੀਚਾ ਹਾਸਲ ਕੀਤਾ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਸਿਹਤ ਵਿਭਾਗ ਵੱਲੋਂ ਤਿੰਨ ਰੋਜ਼ਾ ‘ਸਬ-ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ’ (ਐਸਐਨਆਈਡੀ) ਮੁਹਿੰਮ ਦੇ ਦੂਜੇ ਦਿਨ ਸੋਮਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ 50,888 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇੰਜ ਜ਼ਿਲ੍ਹਾ ਸਿਹਤ ਵਿਭਾਗ ਨੇ 70 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਪਹਿਲੇ ਦਿਨ ਐਤਵਾਰ ਨੂੰ 61,241 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਸਨ। ਜ਼ਿਲ੍ਹਾ ਮੁਹਾਲੀ ਵਿੱਚ 1,60,455 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਸਿਹਤ ਕਾਮਿਆਂ ਨੇ ਘਰ-ਘਰ ਜਾ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ 1254 ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ’ਚੋਂ 1100 ਟੀਮਾਂ ਘਰ-ਘਰ ਜਾ ਰਹੀਆਂ ਹਨ ਅਤੇ 41 ਟਰਾਂਜ਼ਿਟ ਟੀਮਾਂ ਹਨ। ਉਨ੍ਹਾਂ ਦੱਸਿਆ ਕਿ 2508 ਵੈਕਸੀਨੇਟਰਾਂ ਤੋਂ ਇਲਾਵਾ 120 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਬੱਚਾ ਦਵਾਈ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਕਾਮੇ ਜ਼ਿਲ੍ਹੇ ਵਿੱਚ 4,11,710 ਘਰਾਂ ਅਤੇ ਹੋਰਨਾਂ ਥਾਵਾਂ ’ਤੇ ਫੇਰੀ ਪਾਉਣਗੇ। ਇਨ੍ਹਾਂ ਟੀਮਾਂ ਵਿੱਚ ਡਾਕਟਰ, ਐਲਐਚਵੀ, ਏਐਨਐਮਜ਼, ਹੈਲਥ ਇੰਸਪੈਕਟਰ, ਸਿਹਤ ਵਰਕਰ, ਆਸ਼ਾ ਵਰਕਰ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਸਿਹਤ ਕਾਮਿਆਂ ਨੂੰ ਹਦਾਇਤ ਦਿਤੀ ਕਿ ਕੋਈ ਵੀ ਬੱਚਾ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ ਅਤੇ ਭਾਵੇਂ ਬੱਚਾ ਬੀਮਾਰ ਕਿਉਂ ਨਾ ਹੋਵੇ ਤਾਂ ਵੀ ਉਸ ਨੂੰ ਦਵਾਈ ਜ਼ਰੂਰ ਪਿਲਾਈ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਅਧੀਨ ਸਾਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਅੱਜ ਸਿਹਤ ਕਾਮਿਆਂ ਨੇ ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ। ਉਨ੍ਹਾਂ ਦੱਸਿਆ ਕਿ ਪੋਲੀਓ ਮੁਹਿੰਮ ਦਾ ਜਾਇਜ਼ਾ ਲੈਣ ਲਈ ਸੁਪਰਵਾਈਜ਼ਰਾਂ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਜਾ ਕੇ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਭਲਕੇ ਮੰਗਲਵਾਰ ਨੂੰ ਵੀ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …