Nabaz-e-punjab.com

ਪੋਲੀਓ ਮੁਹਿੰਮ: ਮੁਹਾਲੀ ਜ਼ਿਲ੍ਹੇ ਵਿੱਚ 1 ਲੱਖ 23 ਹਜ਼ਾਰ 612 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਝੁੱਗੀਆਂ ਤੇ ਭੱਠਿਆਂ ’ਤੇ ਜਾ ਕੇ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਸਿਹਤ ਵਿਭਾਗ ਵੱਲੋਂ ਤਿੰਨ ਰੋਜ਼ਾ ਪਲਸ ਪੋਲੀਓ ਪ੍ਰੋਗਰਾਮ ਦੇ ਦੂਜੇ ਦਿਨ ਸੋਮਵਾਰ ਨੂੰ ਮੁਹਾਲੀ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ 57 ਹਜ਼ਾਰ 272 ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦੇ ਕਰੀਬ 1 ਲੱਖ 45 ਹਜ਼ਾਰ 410 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਪਹਿਲੇ ਦਿਨ ਐਤਵਾਰ ਨੂੰ 66 ਹਜ਼ਾਰ 340 ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਗਈ ਸੀ।
ਸਿਵਲ ਸਰਜਨ ਨੇ ਅੱਜ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ ਨਾਲ ਪਿੰਡ ਪੜੌਲ ਅਤੇ ਹੋਰ ਥਾਈਂ ਇੱਟਾਂ ਦੇ ਭੱਠਿਆਂ ’ਤੇ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਿਨ੍ਹਾਂ ਥਾਵਾਂ ਦਾ ਦੌਰਾ ਕੀਤਾ, ਉਥੇ ਹਰ ਬੱਚੇ ਨੂੰ ਦਵਾਈ ਪਿਲਾਈ ਹੋਈ ਸੀ ਅਤੇ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਹੀਂ ਮਿਲਿਆ। ਉਨ੍ਹਾਂ ਜ਼ਿਲ੍ਹੇ ਵਿਚ ਪੋਲੀਓ ਰੋਕੂ ਮੁਹਿੰਮ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਯਕੀਨੀ ਬਣਾ ਰਿਹਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਾਲਾ ਕੋਈ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਸ ਸਬੰੰਧ ਵਿੱਚ ਅਧਿਕਾਰੀਆਂ ਨੂੰ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨਾ ਜਰੇਵਾਲ ਨੇ ਦਸਿਆ ਕਿ ਸਿਹਤ ਕਾਮੇ ਬਸਤੀਆਂ, ਝੁੱਗੀਆਂ, ਡੇਰਿਆਂ, ਭੱਠਿਆਂ ਅਤੇ ਘਰਾਂ ਵਿਚ ਜਾ ਕੇ ਬੱਚਿਆਂ ਨੂੰ ਦਵਾਈ ਪਿਲਾ ਰਹੇ ਹਨ। ਮੁਹਿੰਮ ਦੀ ਸਫ਼ਲਤਾ ਲਈ ਸਿਹਤ ਕਾਮਿਆਂ ਤੋਂ ਇਲਾਵਾ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀ ਮਦਦ ਲਈ ਜਾ ਰਹੀ ਹੈ। ਇਸ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਕੁੱਲ 1208 ਟੀਮਾਂ ਬਣਾਈਆਂ ਗਈਆਂ ਸਨ, ਜਿਹੜੀਆਂ 3,57,186 ਘਰਾਂ ਵਿੱਚ ਫੇਰੀ ਪਾਉਣਗੀਆਂ। ਇਨ੍ਹਾਂ ਟੀਮਾਂ ਵਿੱਚ ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ 1062 ਟੀਮਾਂ, 100 ਮੋਬਾਈਲ ਟੀਮਾਂ ਅਤੇ 46 ਟਰਾਂਜ਼ਿਟ ਟੀਮਾਂ ਸ਼ਾਮਲ ਹਨ। ਮੁਹਿੰਮ ਦੀ ਨਿਗਰਾਨੀ ਕਰਨ ਵਾਲੇ ਸੁਪਰਵਾਈਜ਼ਰਾਂ ਦੀ ਗਿਣਤੀ 122 ਹੈ ਜਦਕਿ ਵੈਕਸੀਨੇਟਰਾਂ ਦੀ ਗਿਣਤੀ 2420 ਹੈ। ਪੋਲੀਓ ਰੋਕੂ ਮੁਹਿੰਮ ਸਵੇਰੇੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤਕ ਚੱਲ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਚਾਹੇ ਬੱਚਾ ਬੀਮਾਰ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਬਰਕਰਾਰ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਮੁਹਿੰਮ ਦਾ ਜਾਇਜ਼ਾ ਲੈਣ ਸਮੇਂ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲਬਾਗ਼ ਸਿੰਘ ਵੀ ਮੌਜੂਦ ਸਨ। ਮੁਹਿੰਮ ਦੇ ਦੂਜੇ ਦਿਨ ਵੀ ਤਿੰਨ ਬਲਾਕਾਂ ਡੇਰਾਬੱਸੀ, ਘੜੂੰਆਂ ਅਤੇ ਬੂਥਗੜ੍ਹ ਦੇ ਸਿਹਤ ਅਧਿਕਾਰੀਆਂ ਨੇ ਵੱਖ ਵੱਖ ਥਾਈਂ ਜਾ ਕੇ ਮੁਹਿੰਮ ਦਾ ਨਿਰੀਖਣ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …