nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਕਰੀਬ 68 ਹਜ਼ਾਰ ਬੱਚਿਆਂ ਨੂੰ ਮਿਲਾਈਆਂ ਪੋਲੀਓ ਬੂੰਦਾਂ

ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਵਾਲਮੀਕ ਕਲੋਨੀ ਸਮੇਤ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੋਲੀਓ ਜਿਹੀ ਨਾਮੁਰਾਦ ਬੀਮਾਰੀ ਦੇ ਮੁਕੰਮਲ ਖ਼ਾਤਮੇ ਲਈ ਅੱਜ ਸ਼ੁਰੂ ਹੋਈ ਤਿੰਨ ਰੋਜ਼ਾ ਵਿਸ਼ੇਸ ਪਲਸ ਪੋਲੀਉ ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਵਿਚ ਪਹਿਲੇ ਦਿਨ 67,681 ਯਾਨੀ ਕਰੀਬ 68 ਹਜ਼ਾਰ ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਗਈਆਂ। ਜ਼ਿਲ੍ਹੇ ਵਿਚ 0 ਤੋਂ ਪੰਜ ਸਾਲ ਤਕ ਦੇ ਬੱਚਿਆਂ ਦੀ ਗਿਣਤੀ 1,46,414 ਹੈ ਜਿਨ੍ਹਾਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਇੱਥੋਂ ਦੇ ਫੇਜ਼-6 ਦੀ ਵਾਲਮੀਕੀ ਕਾਲੋਨੀ ਵਿਖੇ ਬੱਚੇ ਨੂੰ ਪੋਲੀਓ ਰੋਕੂ ਬੰੂਦਾਂ ਪਿਲਾ ਕੇ ਜ਼ਿਲ੍ਹੇ ਵਿਚ ਇਸ ਵਿਸ਼ੇਸ਼ ਮਾਇਗਰੇਟਰੀ ਪਲਸ ਪੋਲੀਓ ਮੁਹਿੰਮ ਦਾ ਆਗ਼ਾਜ਼ ਕੀਤਾ ਅਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਉਨ੍ਹਾਂ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੇ ਤਿੰਨੇ ਦਿਨ ਸਿਹਤ ਕਾਮੇ ਘਰ-ਘਰ ਖ਼ਾਸ ਤੌਰ ’ਤੇ ਝੁੱਗੀਆਂ, ਬਸਤੀਆਂ, ਕਾਲੋਨੀਆਂ, ਭੱਠਿਆਂ ’ਤੇ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਉਣਗੇ। ਘਰ-ਘਰ ਜਾ ਕੇ ਦਵਾਈ ਪਿਲਾਉਣ ਲਈ ਕੁਲ 1191 ਟੀਮਾਂ ਬਣਾਈਆਂ ਗਈਆਂ ਹਨ ਜਿਹੜੀਆਂ 3,41,058 ਘਰਾਂ ਵਿਚ ਫੇਰੀ ਪਾਉਣਗੀਆਂ। ਇਨ੍ਹਾਂ ਟੀਮਾਂ ਵਿਚ ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ 1047 ਟੀਮਾਂ, 98 ਮੋਬਾਈਲ ਟੀਮਾਂ ਅਤੇ 46 ਟਰਾਂਜ਼ਿਟ ਟੀਮਾਂ ਸ਼ਾਮਲ ਹਨ। ਮੁਹਿੰਮ ਦੀ ਨਿਗਰਾਨੀ ਕਰਨ ਵਾਲੇ ਸੁਪਰਵਾਇਜ਼ਰਾਂ ਦੀ ਗਿਣਤੀ 121 ਹੈ ਜਦਕਿ ਵੈਕਸੀਨੇਟਰਾਂ ਦੀ ਗਿਣਤੀ 2382 ਹੈ ਜਿਹੜੇ ਬੱਚਿਆਂ ਦੇ ਮੂੰਹ ਵਿਚ ਜ਼ਿੰਦਗੀ ਦੀਆਂ ਦੋ ਬੂੰਦਾਂ ਪਾਉਣਗੇ। ਸੱਤ ਅਗੱਸਤ ਤਕ ਚੱਲਣ ਵਾਲੀ ਮੁਹਿੰਮ ਦੇ ਪਹਿਲੇ ਦਿਨ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ, ਡੇਰਾਬੱਸੀ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਅਪਣੇ ਅਧੀਨ ਖੇਤਰਾਂ ਵਿਚ ਜਾ ਕੇ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜਾਂਚ-ਪੜਤਾਲ ਕੀਤੀ।
ਡਾ. ਭਾਰਦਵਾਜ ਨੇ ਕਿਹਾ ਕਿ ਦਵਾਈ ਦੀਆਂ ਦੋ ਬੂੰਦਾਂ ਬੱਚਿਆਂ ਦੀ ਸਿਹਤਮੰਦ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹਨ। ਵਿਸ਼ਵ ਸਿਹਤ ਸੰਸਥਾ ਨੇ ਭਾਰਤ ਨੂੰ ਪਹਿਲਾਂ ਹੀ ਪੋਲੀਉ ਮੁਕਤ ਐਲਾਨਿਆ ਹੋਇਆ ਹੈ ਅਤੇ ਭਾਰਤ ਵਿਚ ਸਾਲ 2011 ਤੋਂ ਬਾਅਦ ਪੋਲੀਉ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਦੇਸ਼ ਵਿਚੋਂ ਇਸ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਹ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਤਾਕਿ ਇਹ ਨਾਮੁਰਾਦ ਬੀਮਾਰੀ ਦੁਬਾਰਾ ਸਿਰ ਨਾ ਚੁੱਕ ਸਕੇ। ਉਨ੍ਹਾਂ ਕਿਹਾ ਚਾਹੇ ਕਿਸੇ ਬੱਚੇ ਨੇ ਪਹਿਲਾਂ ਦਵਾਈ ਪੀਤੀ ਹੋਵੇ, ਉਸ ਨੂੰ ਵੀ ਦਵਾਈ ਜ਼ਰੂਰ ਪਿਲਾਈ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰਵੇਾਲ ਨੇ ਦਸਿਆ ਕਿ ਪੋਲੀਉ ਰੋਕੂ ਮੁਹਿੰਮ ਸਵੇਰੇੇ ਅੱਠ ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤਕ ਚੱਲੀ। ਮੁਹਿੰਮ ਵਿੱਚ ਸਿਹਤ ਕਾਮਿਆਂ ਤੋਂ ਇਲਾਵਾ 9 ਨਰਸਿੰਗ ਕਾਲਜਾਂ ਦੀਆਂ ਕਰੀਬ 800 ਵਿਦਿਆਰਥਣਾਂ ਦੀ ਵੀ ਮਦਦ ਲਈ ਜਾ ਰਹੀ ਹੈ ਤਾਕਿ ਇਸ ਮੁਹਿੰਮ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ 17 ਟਰਾਜ਼ਿਟ ਬੂਥ ਵੀ ਸਥਾਪਤ ਕੀਤੇ ਗਏ ਹਨ। ਪਹਿਲੇ ਦਿਨ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਐਸਐਮਓ ਡਾ. ਕੁਲਜੀਤ ਕੌਰ, ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ, ਐਸਐਮਓ ਡਾ. ਸੰਗੀਤਾ ਜੈਨ ਅਤੇ ਹੋਰ ਸਿਹਤ ਅਧਿਕਾਰੀਆਂ ਨੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਜਾ ਕੇ ਮੁਹਿੰਮ ਦਾ ਜਾਇਜ਼ਾ ਲਿਆ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …