Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਪਹਿਲੇ ਦਿਨ 63,206 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ: ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਤਿੰਨ ਰੋਜ਼ਾ ਕੌਮੀ ਪਲਸ ਪੋਲੀਓ ਪ੍ਰੋਗਰਾਮ ਦੇ ਤਹਿਤ ਐਤਵਾਰ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਪਹਿਲੇ ਦਿਨ 63,206 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਕਾਰਜਕਾਰੀ ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੁਹਾਲੀ ਵਿੱਚ 5 ਸਾਲ ਤੱਕ ਦੇ 1 ਲੱਖ 45 ਹਜ਼ਾਰ 343 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਪਹਿਲੇ ਦਿਨ ਲਗਭਗ 44 ਫੀਸਦੀ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਸਿਹਤ ਕਾਮਿਆਂ ਨੂੰ ਸਖ਼ਤੀ ਨਾਲ ਆਖਿਆ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਅਤੇ ਉਸਾਰੀ ਅਧੀਨ ਬਿਲਡਿੰਗਾਂ ਵਿੱਚ ਵੀ ਦਸਤਕ ਦਿੱਤੀ ਜਾਵੇ ਅਤੇ ਤਾਂ ਜੋ ਉਨ੍ਹਾਂ ਦੇ ਬੱਚੇ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝੇ ਨਾ ਰਹਿ ਜਾਣ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਸਿਹਤ ਕਰਮਚਾਰੀਆਂ ਵੱਲੋਂ 3,57,186 ਘਰਾਂ ਵਿੱਚ ਦਸਤਕ ਦੇ ਕੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਕਿਸੇ ਕਾਰਨ ਪੋਲੀਓ ਦੀ ਖੁਰਾਕ ਲੈਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਉਣਗੇ। ਇਸ ਸਬੰਧੀ 1067 ਟੀਮਾਂ, 91 ਮੋਬਾਈਲ ਟੀਮਾਂ ਅਤੇ 50 ਟਰਾਂਜ਼ਿਟ ਟੀਮਾਂ ਦੀ ਵਿਵਸਥਾ ਕੀਤੀ ਹੈ। ਇਸ ਦੌਰਾਨ ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਡਾ. ਰੁਪਿੰਦਰ ਕੌਰ ਵਾਲੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਡਾ. ਸੰਗੀਤਾ ਜੈਨ, ਡਾ. ਕੁਲਜੀਤ ਕੌਰ, ਡਾ. ਮਨਜੀਤ ਸਿੰਘ, ਡਾ. ਵਿਜੇ ਭਗਤ, ਡਾ. ਭੁਪਿੰਦਰ ਸਿੰਘ ਆਦਿ ਨੇ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ