ਫਤਹਿਗੜ੍ਹ ਸਾਹਿਬ ਵਿੱਚ ਆਪ ਦੀ ਸਿਆਸੀ ਕਾਨਫਰੰਸ ਨੇ ਅਕਾਲੀ ਤੇ ਕਾਂਗਰਸੀਆਂ ਦੀ ਨੀਂਦ ਉਡਾਈ

ਆਮ ਆਦਮੀ ਪਾਰਟੀ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖ ਅਕਾਲੀ ਤੇ ਕਾਂਗਰਸੀ ਬੁਖਲਾਏ: ਭਗਵੰਤ ਮਾਨ

ਮਨਜੀਤ ਕੌਰ
ਨਬਜ਼-ਏ-ਪੰਜਾਬ, ਫਤਹਿਗੜ੍ਹ ਸਾਹਿਬ, 26 ਦਸੰਬਰ:
ਫਤਹਿਗੜ੍ਹ ਸਾਹਿਬ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਜੋੜ ਮੇਲ ਮੌਕੇ ਆਮ ਆਦਮੀ ਪਾਰਟੀ ਵਿੱਚ ਵਹੀਆ ਘੱਤ ਕੇ ਆਪ ਮੁਹਾਰੇ ਪਹੁੰਚੇ ਲੋਕਾਂ ਦੇ ਬੇਮਿਸ਼ਾਲ ਇਕੱਠ ਨੇ ਹੁਕਮਰਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਤੇ ਕਾਂਗਰਸ ਲੀਡਰਸ਼ਿਪ ਦੀ ਨੀਂਦ ਉੱਡਾ ਦਿੱਤੀ ਹੈ। ਇਸ ਪਵਿੱਤਰ ਧਰਤੀ ’ਤੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਜ਼ੁਲਮ ਦੇ ਖਾਤਮੇ ਦੀ ਸ਼ੁਰੂਆਤ ਹੋਈ ਸੀ ਪਰ ਅਫਸੋਸ ਪਿਛਲੇ 70 ਸਾਲਾਂ ਤੋਂ ਆਜ਼ਾਦ ਹੋਣ ਦੇ ਬਾਵਜੂਦ ਅੱਜ ਵੀ ਅਸੀਂ ਗੁਲਾਮੀ ਵਿੱਚ ਹੀ ਜੀਅ ਰਹੇ ਹਾਂ। ਇਸ ਗੁਲਾਮੀ ਦਾ ਖਾਤਮਾ ਕਰਨ ਲਈ ਆਪ ਫਤਹਿਗੜ੍ਹ ਸਾਹਿਬ ਤੋ ਲੜਾਈ ਦੀ ਸ਼ੁਰੂਆਤ ਕਰਦੀ ਹੈ, ਇਨ੍ਹਾਂ ਹਕੂਮਤਾਂ ਵੱਲੋਂ ਕੀਤੇ ਜ਼ੁਲਮਾਂ ਦਾ ਜਵਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪ ਦੇ ਵਾਲੰਟੀਅਰ ਅਤੇ ਸਮਰਥਕ ਦੇਣਗੇ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਇੱਕ ਟੀਵੀ ਚੈਨਲ ਅਤੇ ਅਕਾਲੀ ਸਰਕਾਰ ਖੁਸ਼ਹਾਲ ਕਿਸਾਨੀ ਦੀ ਮਸ਼ਹੂਰੀ ਕਰਦੇ ਨਹੀਂ ਥੱਕਦੇ ਹਨ। ਬੇਰੁਜ਼ਗਾਰੀ ਕਾਰਨ ਸਾਡੀ ਨੌਜਵਾਨੀ ਨੌਕਰੀਆਂ ਲਈ ਧਰਨੇ, ਮੁਜ਼ਾਹਰੇ ਕਰ ਰਹੀ ਹੈ। ਅਕਾਲੀ ਸਰਕਾਰ ਕੇਵਲ ਆਪਣਾ ਨਿੱਜੀ ਕਾਰੋਬਾਰ ਵਧਾਉਣ ਲਈ ਪੁਰਾਣੀਆਂ ਇੰਡਸਟਰੀਆਂ ਨੂੰ ਤਬਾਹ ਕਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਮੁਹਾਲੀ ਅਤੇ ਮੰਡੀ ਗੋਬਿੰਦਗੜ੍ਹ ਤਂੋ ਮਿਲਦੀ ਹੈ। ਇਨ੍ਹਾਂ ਸਨਅਤੀ ਸ਼ਹਿਰਾਂ ’ਚੋਂ ਕਾਫੀ ਇੰਡਸਟਰੀ ਗੁਆਂਢੀ ਸੂਬਿਆਂ ਵਿੱਚ ਸ਼ਿਫ਼ਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਲਈ ਕਾਂਗਰਸ ਵੀ ਅਕਾਲੀਆਂ ਦੇ ਬਰਾਬਰ ਦੀ ਜ਼ਿੰਮੇਵਾਰ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਅਕਾਲੀ ਦਲ ਅਤੇ ਕਾਂਗਰਸੀ ਬੁਖਲਾ ਗਏ ਹਨ। ਇਨ੍ਹਾਂ ਦੋਵੇਂ ਪਾਰਟੀਆਂ ਦੇ ਆਗੂ ਮਿਲ ਕੇ ਅਸਲ ਮੱੁਦਿਆਂ ਨੂੰ ਛੱਡ ਕੇ ਆਪ ਦੀ ਅਲੋਚਨਾ ਕਰਦੇ ਰਹਿੰਦੇ ਹਨ।
ਪੰਜਾਬ ਦੇ ਕੋ-ਅਵਜ਼ਰਵਰ ਜਰਨੈਲ ਸਿੰਘ ਨੇ ਲੋਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਜੀਵਨ ਵਿੱਚ ਸੇਧ ਲੈਣ ਅਤੇ ਜੁਲਮ ਖ਼ਿਲਾਫ਼ ਡੱਟ ਕੇ ਖੜਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਰਾਜ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਡਿਪਟੀ ਸੀਐਮ ਬਣਾਉਣ ਲਈ ਆਪਣਾ ਪੁੱਤਰ ਅਤੇ ਕੇਂਦਰ ਦੀ ਮੰਤਰੀ ਬਣਨ ਲਈ ਆਪਣੀ ਨੂੰਹ ਹੀ ਮਿਲੀ। ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਅਸੀਂ 84 ਦਾ ਸੰਤਾਪ ਭੋਗ ਰਹੇ ਹਾਂ। ਜਿਸ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ, ਇਹ ਲੜਾਈ ਹਿੰਦੂ ਜਾਂ ਸਿੱਖਾਂ ਦੀ ਨਹੀ ਸੀ। ਪੰਜਾਬ ਦਾ ਰੱਖਵਾਲਾ ਬਣਨ ਵਾਲਾ ਕੈਪਟਨ ਅਮਰਿੰਦਰ ਸਿੰਘ 84 ਦੇ ਕਾਤਲ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਨੂੰ ਨਿਰਦੋਸ਼ ਦੱਸ ਰਿਹਾ ਹੈ, ਕਿਉਕਿ ਸੂਬੇ ਦੀ ਪ੍ਰਧਾਨਗੀ ਲਈ ਕੈਪਟਨ ਨੂੰ ਚਾਪਲੂਸੀ ਕਰਨੀ ਪਈ ਹੈ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੁਨੀਆਂ ਵਿੱਚ ਹਰ ਪਾਸੇ ਨਜ਼ਰ ਮਾਰੀ ਜਾਵੇ ਤਾਂ ਦੇਖਿਆ ਜਾ ਸਕਦਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਬਚਾਉਣ ਲਈ ਆਪਣਾ ਪਰਿਵਾਰ ਹੀ ਵਾਰ ਦਿੱਤਾ ਸੀ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਰ ਅੱਜ ਦੀਆਂ ਸਰਕਾਰਾਂ ਕੇਵਲ ਵੋਟਾਂ ਲਈ ਹੀ ਵਿਕਾਸ ਕਾਰਜ ਕਰਦੀਆਂ ਹਨ, ਕੁਰਬਾਨੀ ਦੇਣਾ ਤਾਂ ਦੂਰ ਦੀ ਗੱਲ। ਪਰ ਉਸ ਸਮੇਂ ਦੇ ਸੋਨੇ ਦੀ ਚਿੱੜੀ ਵਜੋਂ ਜਾਣੇ ਜਾਂਦੇ ਭਾਰਤ ਦੇਸ਼ ਨੂੰ ਇਨ੍ਹਾਂ ਅਖੌਤੀ ਪੰਥ ਹਿਤੈਸ਼ੀਆਂ, ਕਿਸਾਨ ਹਿਤੈਸ਼ੀਆਂ ਨੇ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ
ਸੂਬੇ ਦੀ ਅਕਾਲੀ ਸਰਕਾਰ ਨੇ ਪੰਜਾਬ ਦੇ 55 ਮਹਿਕਮਿਆਂ ਚੋ 28 ਮਹਿਕਮੇ ਆਪਣੇ ਪਰਿਵਾਰ ਨੂੰ ਦੇ ਰੱਖੇ ਹਨ। ਕਿਸਾਨ ਹਿਤੈਸ਼ੀਆਂ ਨੇ ਪ੍ਰਤੀ ਦਿਨ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਸਬੰਧੀ ਵੀ ਕੋਈ ਐਕਸ਼ਨ ਨਹੀਂ ਲਿਆ।
ਇਸ ਤੋਂ ਪਹਿਲਾਂ ਉਮੀਦਵਾਰ ਲਖਵੀਰ ਸਿੰਘ ਰਾਏ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲਾਂ ਦੇ ਸ਼ਾਸਨ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ ਹੈ। ਇਸ ਤੋਂ ਇਲਾਵਾ ਸੰਤ ਸਮਾਜ ਅਤੇ ਅਸੀਂ ਕਿਥੋਂ ਸੁਰੱਖਿਅਤ ਰਹਿ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਅਕਾਲੀ ਅਤੇ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਦੂਰ ਕਰਨਾ ਜਰੂਰੀ ਹੈ। ਅਖੀਰ ਵਿੱਚ ਉਨ੍ਹਾਂ ਰੈਲੀ ਵਿੱਚ ਪੁੱਜੇ ਵਾਲੰਟੀਅਰਾਂ, ਆਮ ਲੋਕਾਂ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਬਸੀ ਪਠਾਣਾ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ, ਸਮਰਾਲਾ ਤੋਂ ਸਰਬੰਸ ਸਿੰਘ ਮਾਣਕੀ, ਪਾਇਲ ਤੋਂ ਗੁਰਪ੍ਰੀਤ ਸਿੰਘ ਲਾਪਰਾਂ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਨਵਜੋਤ ਜਰਗ, ਰਤਨ ਸਿੰਘ ਬਾਜਵਾ, ਪ੍ਰਦੀਪ ਮਲਹੋਤਰਾ, ਨਰਿੰਦਰ ਸਿੰਘ ਟਿਵਾਣਾ ਮੀਤ ਪ੍ਰਧਾਨ ਲੀਗਲ ਸੈਲ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…