Share on Facebook Share on Twitter Share on Google+ Share on Pinterest Share on Linkedin ਪੰਜਾਬ ਤੇ ਪੰਥ ਨਾਲ ਧੋਖਾ ਕਰਨ ਵਾਲੀ ਕਿਸੇ ਵੀ ਜਮਾਤ ਲਈ ਸਿਆਸੀ ਮੈਦਾਨ ਖਾਲੀ ਨਹੀਂ ਛੱਡਿਆ ਜਾ ਸਕਦਾ: ਗੁਰਸੇਵ ਸਿੰਘ ਪੰਥ ਅਤੇ ਪੰਜਾਬ ਵਿੱਚ ਪਏ ਹੋਏ ਰਾਜਸੀ ਖਲਾਅ ਨੂੰ ਭਰਨ ਲਈ ਭਾਈ ਮੰਡ ਦੇ ਐਲਾਨ ਦਾ ਜ਼ੋਰਦਾਰ ਸਵਾਗਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਭਾਈ ਗੁਰਸੇਵ ਸਿੰਘ ਹਰਪਾਲਪੁਰ ਨੇ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਥ ਅਤੇ ਪੰਜਾਬ ਵਿੱਚ ਪਏ ਹੋਏ ਰਾਜਸੀ ਖਲਾਅ ਨੂੰ ਭਰਨ ਲਈ ਹੱਕ ਸੱਚ ਅਤੇ ਇਨਸਾਫ਼ ਲਈ ਲੜਨ ਵਾਲੇ ਲੋਕਾਂ ਨੂੰ ਲਾਮਬੰਦ ਕਰਕੇ ਸਿਆਸੀ ਮੰਚ ਪ੍ਰਦਾਨ ਕਰਨ ਲਈ ਕੀਤੇ ਐਲਾਨ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਬਾਦਲ ਪਰਿਵਾਰ ਦੇ ਕਬਜ਼ੇ ਚੋਂ ਪੰਥ ਦੀ ਵਿਰਾਸਤ ਸ੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਉਣ ਦੀ ਆਸ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਹੁਣ ਸਾਰੇ ਸਿੱਖ ਪੰਥ ਨੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੈ ਤਾਂ ਪੰਜਾਬ ਅਤੇ ਪੰਥ ਨਾਲ ਧੋਖਾ ਕਰਨ ਵਾਲੀ ਕਿਸੇ ਵੀ ਜਮਾਤ ਲਈ ਰਾਜਨੀਤਕ ਮੈਦਾਨ ਖਾਲੀ ਨਹੀਂ ਛੱਡਿਆ ਜਾ ਸਕਦਾ। ਇਸ ਖੱਪੇ ਨੂੰ ਭਰਨ ਲਈ ਸਿਆਸੀ ਮੰਚ ਉਸਾਰਨਾ ਸਮੇਂ ਦੀ ਲੋੜ ਹੈ ਜੋ ਕਿ ਬਰਗਾੜੀ ਮੋਰਚੇ ’ਚੋਂ ਉਸਾਰਿਆ ਜਾ ਸਕਦਾ ਹੈ। ਸ੍ਰੀ ਹਰਪਾਲਪੁਰ ਨੇ ਕਿਹਾ ਹੁਣ ਚੌਧਰ ਦੀ ਲਾਲਸਾ ਅਤੇ ਹਉਮੈ ਤਿਆਗ ਕੇ ਸੱਚ ਤੇ ਪਹਿਰਾ ਦੇਣ ਲਈ ਅਤੇ ਲੋਕਾਂ ਦੀਆਂ ਵੱਡੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਸਾਰੇ ਟਕਸਾਲੀ ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਭਾਈ ਧਿਆਨ ਸਿੰਘ ਮੰਡ ਨੂੰ ਆਪਣੀ ਸੇਵਾਵਾਂ ਸੌਂਪਣ ਵਿੱਚ ਰੱਤੀ ਭਰ ਵੀ ਢਿੱਲ ਨਾ ਦਿਖਾਉਣ, ਸਗੋਂ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਦਾਨ ਵਿੱਚ ਕੁੱਦਣ ਅਤੇ ਬਰਗਾੜੀ ਮੋਰਚੇ ਦੀ ਸਫਲਤਾ ਨੂੰ ਪੰਥ ਅਤੇ ਪੰਜਾਬ ਦਾ ਭਵਿੱਖ ਸਮਝ ਕੇ ਸਰਗਰਮੀਆਂ ਤੇਜ ਕਰ ਦੇਣ। ਸ੍ਰੀ ਹਰਪਾਲਪੁਰ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਦਲ ਸਰਕਾਰ ਵਾਂਗ ਹੀ ਆਨਾ ਕਾਨੀ ਨਜ਼ਰ ਆਉਂਦੀ ਐ। ਜਿਸ ਕਰਕੇ ਸਾਰੇ ਲੋਕਾਂ ਨੂੰ ਪੰਜਾਬ ਅਤੇ ਪੰਥ ਦੀ ਭਲਾਈ ਲਈ ਭਾਈ ਮੰਡ ਵੱਲੋਂ ਅਰੰਭ ਕੀਤੇ ਏਕਤਾ ਯਤਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ