ਰਾਜਸੀ ਆਗੂਆਂ ਤੇ ਪੁਲੀਸ ਵਧੀਕੀਆਂ ਤੋਂ ਪੀੜਤ ਲੋਕਾਂ ਨੇ ਲਗਾਈ ਇਨਸਾਫ਼ ਦੀ ਗੁਹਾਰ

ਪੰਜਾਬ ਪੁਲੀਸ ਨੂੰ 15 ਦਿਨ ਦਾ ਅਲਟੀਮੇਟਮ, ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਪੁਲੀਸ ਵਧੀਕੀਆਂ ਤੋਂ ਪੀੜਤ ਲੋਕਾਂ ਨੇ ਐਸਸੀ\ਬੀਸੀ ਮਹਾਂ ਪੰਚਾਇਤ ਪੰਜਾਬ ਕੋਲ ਆਪਣਾ ਦੁਖੜਾ ਰੋਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਅੱਜ ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਨੇੜੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਵਿੱਚ ਪਹੁੰਚੇ ਅਤੇ ਆਪਬੀਤੀ ਦੱਸੀ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਮੌਜੂਦਗੀ ਵਿੱਚ ਪੀੜਤ ਮੀਡੀਆ ਦੇ ਰੂਬਰੂ ਹੋਏ। ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਸੇਵਾਮੁਕਤ ਸਬ ਇੰਸਪੈਕਟਰ ਗੁਲਜ਼ਾਰ ਰਾਮ ਅਤੇ ਉਸ ਦੀ ਪਤਨੀ ਜਸਵੀਰ ਕੌਰ ਜ਼ਿਲ੍ਹਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਖੰਨਾ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਬੀਤੀ 14 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਇਲ ਵਿਖੇ ਭਾਜਪਾ ਦੀ ਮੀਟਿੰਗ ਚੱਲ ਰਹੀ ਸੀ। ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਬੀਬੀ ਜਸਵੀਰ ਕੌਰ ਦੇ ਪਤੀ ਗੁਲਜ਼ਾਰ ਰਾਮ ਨੇ ਮੰਚ ਤੋਂ ਬੀਬੀਆਂ ਦਾ ਨਾਮ ਬੋਲਣ ਅਤੇ ਫੋਟੋ ਖਿੱਚਣ ਲਈ ਕਿਹਾ ਤਾਂ ਮੰਚ ਸੰਚਾਲਕ ਅਤੇ ਹੋਰ ਇੱਕ ਹੋਰ ਭਾਜਪਾ ਆਗੂ ਨੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਜਾਤੀ ਸੂਚਕ ਅਪਸ਼ਬਦ ਬੋਲੇ ਅਤੇ ਕਾਫ਼ੀ ਖਿੱਚ ਧੂਹ ਕੀਤੀ ਗਈ। ਜਿਸ ਕਾਰਨ ਭਾਜਪਾ ਮਹਿਲਾ ਆਗੂ ਦੇ ਪਤੀ ਦੀ ਪੱਗ ਵੀ ਲੱਥ ਗਈ ਪ੍ਰੰਤੂ ਪੁਲੀਸ ਬਣਦੀ ਕਾਰਵਾਈ ਤੋਂ ਭੱਜ ਰਹੀ ਹੈ।
ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜੇਕਰ ਇੱਕ ਸੇਵਾਮੁਕਤ ਸਬ ਇੰਸਪੈਕਟਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਨਾਲ ਕੀ ਬੀਤਦੀ ਹੋਵੇਗੀ, ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਖਾਨਾਪੂਰਤੀ ਕਰਦਿਆਂ 323 ਦਾ ਪਰਚਾ ਦਰਜ ਕੀਤਾ ਹੈ ਜਦੋਂਕਿ ਐਸਸੀ ਐਕਟ ਅਤੇ ਧਾਰਾ 295 ਦਾ ਜੁਰਮ ਬਣਦਾ ਹੈ। ਉਕਤ ਪਰਚੇ ਵਿੱਚ ਭਾਜਪਾ ਆਗੂਆਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਜਿਸ ਕਾਰਨ ਪੀੜਤਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਪੰਜਾਬ ਪੁਲੀਸ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਐੱਸਐੱਸਪੀ ਦਫ਼ਤਰ ਖੰਨਾ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਹਿਊਮਨ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼ਵਿੰਦਰ ਸਿੰਘ ਲੱਖੋਵਾਲ, ਦਲਿਤ ਆਗੂ ਲਖਵੀਰ ਸਿੰਘ ਬਡਾਲਾ, ਅਵਤਾਰ ਸਿੰਘ ਨਗਲਾ, ਬਲਜੀਤ ਸਿੰਘ ਕਕਰਾਲਾ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਸੁਨੀਤਾ ਸ਼ਰਮਾ, ਅਮਰੀਕ ਸਿੰਘ, ਕਰਮਜੀਤ ਸਿੰਘ, ਦਿਲਬਰ ਖਾਨ, ਹਰਚਰਨ ਸਿੰਘ, ਨਵਜੋਤ ਸਿੰਘ, ਸਤਾਰ ਅਲੀ, ਮਨਦੀਪ ਸਿੰਘ, ਮੁਖ਼ਤਿਆਰ ਸਿੰਘ, ਅਜੈਬ ਸਿੰਘ, ਬਲਵਿੰਦਰ ਸਿੰਘ ਗਿੱਲ, ਸਿਮਰਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…