ਰਾਜਸੀ ਆਗੂਆਂ, ਅਪਰਾਧੀ ਤੇ ਫਸਾਦੀ ਜੁਡਲੀ ਗਰੋਹਾਂ ਦੇ ਆਪਸੀ ਗੱਠਜੋੜ ਸਮਾਜ ਲਈ ਵੱਡਾ ਖ਼ਤਰਾ: ਬੀਰਦਵਿੰਦਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਿਕ ਨੇਤਾਵਾਂ, ਅਪਰਾਧੀਆਂ ਅਤੇ ਫਸਾਦੀ ਜੁੰਡਲੀਆਂ ਦੇ ਗਰੋਹਾਂ ਦੇ ਆਪਸੀ ਗੱਠਜੋੜਾਂ ’ਚੋਂ ਉਪਜੇ ਘਿਨਾਉਣੇ ਅਪਰਾਧ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦਾ ਆਪਸੀ ਮੇਲ-ਜੋਲ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਈ ਵੱਡੀ ਚੁਨੌਤੀ ਸਾਬਤ ਹੋ ਰਿਹਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ’ਤੇ ਵਿੱਚ ਵੀ ਕੁੱਝ ਵੱਡੇ-ਛੋਟੇ ਡਾਕੂਆਂ ਦੇ ਵਰਦੀਧਾਰੀ ਗੈਂਗ ਹਨ, ਜਿਨ੍ਹਾਂ ਦੇ ਸਰਗੁਣੇ ਪਲਿਸ ਮਹਿਕਮੇਂ ਵਿੱਚ ਹੀ ਵੱਡੇ-ਵੱਡੇ ਰੁਤਬਿਆਂ ਤੇ ਬਿਰਾਜਮਾਨ ਹਨ ਜੋ ਪੁਲਿਸ ਦੀ ਵਰਦੀ ਵਿੱਚ ਛੁਪੇ ਹੋਏ ਵੱਡੇ ਅਪਰਾਧੀਆਂ ਦੀ ਪੁਸ਼ਤਪਨਾਹੀ ਕਰਦੇ ਹਨ ਤੇ ਉਸ ਬਦਲੇ ਵੱਡੀਆਂ ਰਕਮਾਂ ਵਸੂਲਦੇ ਹਨ ਤੇ ਆਪ ਵੀ ਵੱਡੀਆਂ ਠੱਗੀਆ ਮਾਰਦੇ ਹਨ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੁਲੀਸ ਦੇ ਇਹ ਵਰਦੀਧਾਰੀ ਗੈਂਗ ਝਗੜੇ ਵਾਲੀਆ ਜ਼ਮੀਨਾ ਜਾਇਦਾਦਾਂ ਹੜੱਪਣ ਤੋ ਲੈ ਕੇ ਹਰ ਕਿਸਮ ਦੇ ਅਪਰਾਧ ਕਰਨ ਦੇ ਸਮਰੱਥ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਤਾਰਾਂ ਵੱਡੇ ਅਫਸਰਾਂ ਤੇ ਰਾਜ ਕਰ ਰਹੀ ਰਾਜਨੀਤਕ ਪਾਰਟੀ ਦੇ ਸਿਰੇ ਦੇ ਬੰਦਿਆਂ ਨਾਲ ਜੁੜੇ ਹੁੰਦੇ ਹਨ। ਜਦ ਤੱਕ ਪੁਲਿਸ ਮਹਿਕਮੇਂ ਦੀ, ਉਪਰਲੇ ਪੱਧਰ ਤੋਂ ਲੈ ਕੇ ਹੇਠਾਂ ਤੱਕ, ਮੁਕੰਮਲ ਛਾਣਬੀਣ ਕਰਕੇ, ਪੁਲਿਸ ਦੀ ਖਾਕੀ ਵਰਦੀ ਵਿੱਚ ਛੁਪੇ ਹੋਏ ਡਾਕੂਆਂ ਦੀ ਸਹੀ ਪਹਿਚਾਣ ਕਰਕੇ ਉਨ੍ਹਾਂ ਨੂੰ ਪੁਲਿਸ ਬਲਾਂ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਪੂਰਨ ਤੌਰ ਤੇ ਠੱਲ੍ਹ ਪਾਉਣਾ ਆਸਾਨ ਨਹੀਂ ਹੋਵੇਗਾ।ਇਸ ਕਾਰਜ ਲਈ ਤੁਰੰਤ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਕੋਰਟ ਦੇ ਸੇਵਾ ਕਰ ਰਹੇ ਕਿਸੇ ਜੱਜ ਦੀ ਰਹਿਨੁਮਾਈ ਵਿੱਚ ਪੰਜਾਬ ਪੁਲਿਸ ਛਾਣਬੀਣ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ।ਕਮਿਸ਼ਨ ਵਾਸਤੇ ਹਾਈਕੋਰਟ ਦੇ ਜੱਜ ਦੀ ਚੋਂਣ ਕਰਨ ਅਤੇ ਕਮਿਸ਼ਨ ਦੇ ਵਿਚਾਰਗੋਚਰੇ ਵਿਸ਼ੇ, ਵਿਸ਼ੇਸ਼ ਅਧਿਕਾਰ ਅਤੇ ਖਾਸ ਸ਼ਰਤਾਂ ਆਦੀ ਤਹਿ ਕਰਨ ਦੇ ਸਾਰੇ ਅਧਿਕਾਰ ਵੀ ਸੁਪਰੀਮ ਕੋਰਟ ਦੀ ਕੁਲੀਜੀਅਮ ਨੂੰ ਦੇ ਦਿੱਤੇ ਜਾਣ ਤਾਂ ਕਿ ਇਸ ਕਮਿਸ਼ਨ ਦੀ ਪਾਰਦਰਸ਼ਤਾ ਤੇ ਕੋਈ ਉਂਗਲ ਨਾ ਉਠਾ ਸਕੇ। ਇਸ ਕਮਿਸ਼ਨ ਵਿੱਚ ਸਾਫ਼ ਸੁਥਰੀ ਛਵੀ ਵਾਲੇ ਇੱਕ ਸੇਵਾਮੁਕਤ ਡੀ. ਜੀ. ਪੀ ਅਤੇ ਇੱਕ ਸੇਵਾ ਕਰ ਰਹੇ ਡੀ.ਜੀ.ਪੀ ਨੂੰ ਇਸ ਕਮਿਸ਼ਨ ਦੇ ਮੈਂਬਰ ਵੱਜੋਂ ਚੁਣਿਆ ਜਾਵੇ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਹ ਕਮਿਸ਼ਨ ਪਲੀਸ ਮਹਿਕਮੇਂ ਵਿੱਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਦੇ ਕਾਰਨ, ਬਦਨਾਮ ਅਤੇ ਲੁਟੇਰੇ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ਼ ਕਰੜੀ ਕਾਰਵਾਈ ਕਰਨ ਦੀ ਸਮਾਂਬੱਧ ਪਰਿਕਿਰਿਆ ਦੀ ਸਿਫ਼ਾਰਿਸ਼ ਕਰੇ। ਅਜੇਹਾ ਹੀ ਇੱਕ ਹੋਰ ਕਮਿਸ਼ਨ, ਠੀਕ ਇਸੇ ਹੀ ਤਰਜ਼ ਤੇ ਗਠਨ ਕੀਤਾ ਜਾਵੇ ਜੋ ਰਾਜਨੀਤਕ ਨੇਤਾਵਾਂ ਅਤੇ ਅਪਰਾਧਿਕ ਫਸਾਦੀ ਜੁੰਡਲੀਆਂ ਦੇ ਗਰੋਹਾਂ ਦੇ ਆਪਸੀ ਗੱਠਜੋੜਾਂ ਨੂੰ ਬੇਨਕਾਬ ਕਰੇ। ਉਨ੍ਹਾਂ ਸਾਰੇ ਰਾਜਨੀਤਕ ਨੇਤਾਵਾਂ ਦੀ ਪਛਾਣ ਕਰਕੇ, ਜੋ ਅਪਰਾਧਿਕ ਤੱਤਾਂ ਦੀ ਇਮਦਾਦ ਨਾਲ ਆਪਣੀਆਂ ਰਾਜਸੀ ਰੋਟੀਆਂ ਸੇਕਣ ਦਾ ਧੰਦਾ ਕਰਦੇ ਹਨ ਅਤੇ ਮਨੁੱਖੀ ਸਮਾਜ ਲਈ ਵੱਡਾ ਖਤਰਾ ਬਣੇ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਕਾਨੂੰਨੀ ਪਰਿਕਿਰਿਆਂ ਰਾਹੀਂ ਜੇਲ੍ਹਾਂ ਵਿੱਚ ਡੱਕੇ। ਅਜਿਹੇ ਰਾਜਨੀਤਕ ਤੱਤਾਂ ਦੀ ਪਹਿਚਾਣ ਕਰਨਾਂ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਹੈ, ਕੇਵਲ ਸਹੀ ਦਿਸ਼ਾ, ਇਮਾਨਦਾਰੀ ਤੇ ਦ੍ਰਿੜ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਪੰਜਾਬ ਪੁਲਿਸ ਅਤੇ ਰਾਜਨੀਤਕ ਸਫ਼ਾਂ ਵਿੱਚ ਵਿਆਪਕ ਪੱਧਰ ਤੇ ਫੈਲੀ ਇਸ ਬਿਮਾਰੀ ਦਾ ਦਲੇਰੀ ਨਾਲ ਹਰ ਪੱਧਰ ਤੇ ਟਾਕਰਾ ਤੇ ਇਲਾਜ ਕਰਨਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਨਹੀਂ ਤਾਂ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਹੁਣ ਸਾਰੀ ਦੀ ਸਾਰੀ ਵਿਵਸਥਾ ਨਸ਼ਟ ਹੋ ਕੇ ਠਹਿ ਢੇਰੀ ਹੋਣ ਦੇ ਕਿਨਾਰੇ ਤੇ ਖੜ੍ਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…